ਜਲੰਧਰ, 8 ਜੂਨ (ਸ਼ਿਵ)-ਪੰਜਾਬ ਸਰਕਾਰ ਦੀ ਹਦਾਇਤ 'ਤੇ ਲੋਕਾਂ ਦੀਆਂ ਸਟਰੀਟ ਲਾਈਟਾਂ, ਕੂੜਾ, ਸਫ਼ਾਈ, ਸੀਵਰੇਜ ਬੰਦ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਿਗਮ ਦੇ ਅਫ਼ਸਰ ਨੂੰ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਫ਼ੀਲਡ ਵਿਚ ਰਹਿ ਕੇ ਹੱਲ ਕਰਨ ਦੀ ਮੁਹਿੰਮ ਅੱਜ ਸ਼ੁਰੂ ਹੋ ਗਈ | ਚੈਕਿੰਗ ਮੁਹਿੰਮ ਦੇ ਪਹਿਲੇ ਦਿਨ ਅੱਜ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਵੀਡੀਓ ਕਾਲ ਕਰਕੇ ਸ਼ੁਰੂ ਹੋਈ ਮੁਹਿੰਮ ਦੀ ਜਾਣਕਾਰੀ ਲਈ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਹੱਲ ਕਰਵਾਉਣ ਦੀ ਹਦਾਇਤ ਦਿੱਤੀ | ਮੰਤਰੀ ਨੇ ਨਿਗਮ ਕਮਿਸ਼ਨਰ ਤੋਂ ਇਲਾਵਾ ਹੋਰ ਵੀ ਅਫ਼ਸਰਾਂ ਨੂੰ ਆਡੀਓ ਕਾਲ ਕੀਤੀ ਤੇ ਇਸ ਤੋਂ ਇਲਾਵਾ ਵਿਭਾਗ ਵਲੋਂ ਇਕ ਆਟੋ ਕਾਲ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਕਈ ਨਿਗਮ ਅਫ਼ਸਰਾਂ ਨੂੰ ਸੰਦੇਸ਼ ਭੇਜੇ ਗਏ ਕਿ ਮੁਹਿੰਮ ਦੇ ਤਹਿਤ ਉਹ ਸਵੇਰੇ ਇਕ ਘੰਟਾ ਫ਼ੀਲਡ ਵਿਚ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਵਾਉਣ | ਵਿਭਾਗ ਵਲੋਂ ਸ਼ੁਰੂ ਕੀਤੀ ਗਈ ਆਟੋ ਕਾਲ ਰਾਹੀਂ ਅਫ਼ਸਰਾਂ ਨੂੰ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿਚ ਤੇਜ਼ੀ ਨਾਲ ਸੁਧਾਰ ਕੀਤੇ ਜਾਣ | ਇਸ ਮੁਹਿੰਮ ਦੇ ਤਹਿਤ ਅਫ਼ਸਰਾਂ ਸਮੇਤ ਕਰਮਚਾਰੀ ਵੀ ਫ਼ੀਲਡ ਵਿਚ ਆਏ ਸਗੋਂ ਮੁਹਿੰਮ ਦੇ ਪਹਿਲੇ ਦਿਨ ਗੈਰ ਹਾਜਰ ਰਹਿਣ ਵਾਲੇ ਕਰਮਚਾਰੀਆਂ ਨੂੰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਬਿਨਾਂ ਛੁੱਟੀ ਲਏ ਉਹ ਕੰਮ ਤੋਂ ਗੈਰ ਹਾਜਰ ਨਾ ਰਹਿਣ | ਨਿਗਮ ਕਮਿਸ਼ਨਰ ਨੇ ਅੱਜ ਕਈ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ ਤੇ ਕੁੱਝ ਸੁਪਰਵਾਈਜ਼ਰ ਤੇ ਹੋਰ ਸਟਾਫ਼ ਗੈਰ ਹਾਜਰ ਸੀ | ਸ੍ਰੀ ਸੰਦੀਪ ਰਿਸ਼ੀ ਦਾ ਕਹਿਣਾ ਸੀ ਕਿ ਹੁਣ ਕੰਮ ਵਿਚ ਕਿਸੇ ਤਰਾਂ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਕਰਮਚਾਰੀਆਂ ਦੀ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਸਾਰਿਆਂ ਨੂੰ ਸਮੇਂ ਸਿਰ ਡਿਊਟੀ 'ਤੇ ਆਉਣਾ ਪਵੇਗਾ | ਨਿਗਮ ਕਮਿਸ਼ਨਰ ਬਾਕਾਇਦਾ ਵੀਡੀਓ ਕਾਲ ਤੋਂ ਚੈਕਿੰਗ ਮੁਹਿੰਮ ਦੀ ਜਾਣਕਾਰੀ ਲੈ ਰਹੇ ਹਨ ਕਿ ਸ਼ਹਿਰ ਵਿਚ ਸੜਕਾਂ 'ਤੇ ਕੋਈ ਖੱਡਾ ਜਾਂ ਸੀਵਰੇਜ ਦਾ ਢੱਕਣ ਟੁੱਟਿਆ ਹੈ | ਉਸ ਨੂੰ ਤੁਰੰਤ ਬਦਲਿਆ ਜਾਵੇ | ਨਿਗਮ ਕਮਿਸ਼ਨਰ ਨੇ ਸਰਕਾਰ ਦੀ ਹਦਾਇਤ 'ਤੇ ਸ਼ਹਿਰ ਨੂੰ 11 ਜ਼ੋਨਾਂ ਵਿਚ ਵੰਡ ਕੇ ਅਫ਼ਸਰਾਂ ਦੀਆਂ ਡਿਊਟੀਆਂ ਲਗਾਈਆਂ ਹਨ | ਇਸ ਤੋਂ ਇਲਾਵਾ ਸਫ਼ਾਈ ਸੇਵਕਾਂ ਨੂੰ ਵਾਰਡਾਂ ਵਿਚ ਆ ਰਹੀਆਂ ਪੇ੍ਰਸ਼ਾਨੀਆਂ ਵੀ ਦੂਰ ਕੀਤੀਆਂ ਜਾ ਰਹੀਆਂ ਹਨ |