ਜਲੰਧਰ, 22 ਜੂਨ (ਐੱਮ.ਐੱਸ. ਲੋਹੀਆ)-‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ’ਚ ਸ਼ਾਮਿਲ ਪਾਰਟੀਆਂ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ ਭਰ ’ਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਪਾਰਟੀਆਂ ਦੇ ਸੂਬਾਈ ਆਗੂਆਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪਰਗਟ ਸਿੰਘ ਜਾਮਾਰਾਏ, ਸੁਖਦਰਸ਼ਨ ਨੱਤ, ਅਜਮੇਰ ਸਿੰਘ ਸਮਰਾ ਤੇ ਕੁਲਦੀਪ ਸਿੰਘ ਕਿਲਾ ਰਾਏਪੁਰ ਨੇ ਕਿਹਾ ਕਿ ਆਰ.ਐੱਸ.ਐੱਸ.-ਭਾਜਪਾ ਦੀਆਂ ਫਿਰਕੂ-ਫਾਸ਼ੀਵਾਦੀ ਕੁਚਾਲਾਂ, ਸੰਘ ਪਰਿਵਾਰ ਦੇ ਖਰੂਦੀ ਟੋਲਿਆਂ ਵਲੋਂ ਕੀਤੇ ਜਾ ਰਹੇ ਘੱਟ ਗਿਣਤੀ ਵਸੋਂ ਦੇ ਘਾਣ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਘਾਤਕ ਹੱਲਿਆਂ ਵਿਰੁੱਧ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਕੇਂਦਰਾਂ ’ਤੇ ਰੈਲੀਆਂ ਤੇ ਰੋਸ ਮੁਜ਼ਾਹਰੇ ਕੀਤੇ ਗਏ, ਜਿਸ ਦੌਰਾਨ ਪੰਜਾਬ ਦੇ ਚਿਰਾਂ ਤੋਂ ਲਮਕਦੇ ਆ ਰਹੇ ਮਸਲਿਆਂ ਦਾ ਨਿਆਂ ਪੂਰਨ ਹੱਲ ਲੱਭੇ ਜਾਣ ਲਈ ਆਵਾਜ਼ ਬੁਲੰਦ ਕੀਤੀ ਗਈ। ਇਹ ਵੀ ਮੰਗ ਕੀਤੀ ਗਈ ਕਿ ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਬਿਨਾਂ ਮੁਕੱਦਮਾ ਚਲਾਏ ਜ਼ੇਲ੍ਹਾਂ ’ਚ ਬੰਦ ਕੀਤੇ ਸਾਰੇ ਸਿਆਸੀ ਆਗੂ, ਮਨੁੱਖੀ ਅਧਿਕਾਰ ਕਾਰਕੁੰਨ, ਬੁੱਧੀਜੀਵੀ ਤੇ ਆਮ ਨਾਗਰਿਕ ਤੁਰੰਤ ਰਿਹਾ ਕੀਤੇ ਜਾਣ। ਇਕੱਠਾਂ ’ਚ ਸ਼ਾਮਿਲ ਕਾਰਕੁੰਨਾਂ ਦੇ ਹੱਥਾਂ ’ਚ ਫੜੀਆਂ ਤਖ਼ਤੀਆਂ ਸਿਆਸੀ ਹਿੱਤਾਂ ਤੇ ਫਿਰਕੂ ਏਜੰਡੇ ਦੀ ਪੂਰਤੀ ਲਈ ਨਿਆਂ ਪਾਲਿਕਾ, ਚੋਣ ਕਮਿਸ਼ਨ, ਈ.ਡੀ., ਸੀ.ਬੀ.ਆਈ. ਤੇ ਇਨਕਮ ਟੈਕਸ ਵਿਭਾਗ ਦੀ ਕੀਤੀ ਜਾ ਰਹੀ ਦੁਰਵਰਤੋਂ ਵੱਲ ਲੋਕਾਂ ਦਾ ਧਿਆਨ ਕੇਂਦਿ੍ਤ ਕਰ ਰਹੀਆਂ ਸਨ। ਆਗੂਆਂ ਨੇ ਜਾਣਕਾਰੀ ਦਿੱਤੀ ਕਿ ਵੱਖੋ-ਵੱਖ ਜ਼ਿਲਿ੍ਆਂ ’ਚ ਇਨ੍ਹਾਂ ਇਕੱਠਾਂ ਨੂੰ ਸੀ.ਪੀ.ਆਈ. ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖ਼ਤਪੁਰ, ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਖੱਟਕੜ, ਐਮ.ਸੀ.ਪੀ.ਆਈ.(ਯੂ.) ਦੀ ਪੋਲਿਟ ਬਿਊਰੋ ਦੇ ਮੈਂਬਰ ਕਿਰਨਜੀਤ ਸਿੰਘ ਸੇਖੋਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅਮਰੀਕਾ-ਈਰਾਨ ਦਰਮਿਆਨ ਹੋਈ ਜੰਗਬੰਦੀ ਦਾ ਸਵਾਗਤ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਭੰਨਿ੍ਆਂ ਸਾਮਰਾਜ ਜੰਗਾਂ ਲਾਉਣ ਤੋਂ ਬਾਜ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ-ਇਜ਼ਰਾਈਲ ਦੀ ਪਿੱਠੂ ਮੋਦੀ ਸਰਕਾਰ ਦੀ ਗੋਡੇ ਟੇਕੂ ਵਿਦੇਸ਼ ਨੀਤੀ ਤੇ ਡਿਪਲੋਮੈਸੀ ਨਾਲ ਸੰਸਾਰ ਦੀਆਂ ਨਜ਼ਰਾਂ ’ਚ ਭਾਰਤ ਦੇ ਵਕਾਰ ਨੂੰ ਭਾਰੀ ਸੱਟ ਲੱਗੀ ਹੈ। ਦੂਜੇ ਪਾਸੇ ਪੰਜਾਬ ਦੀ ਮਾਨ ਸਰਕਾਰ ਪੰਜਾਬ-ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਥਾਂ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਹੱਕੀ ਘੋਲਾਂ ’ਤੇ ਜ਼ੁਲਮ ਢਾਹ ਰਹੀ ਹੈ। ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ ਦੇ ਮੁੱਦਿਆਂ ਅਤੇ ਪੰਜਾਬ ਨਾਲ ਹੋ ਰਹੀ ਬੇਇਨਸਾਫ਼ੀ ਖਿਲਾਫ ਵੀ ਲੜਨ ਦਾ ਐਲਾਨ ਕੀਤਾ। ਰੈਲੀ-ਪ੍ਰਦਰਸ਼ਨਾਂ ਨੂੰ ਵੱਖੋ-ਵੱਖ ਜ਼ਿਲ੍ਹਿਆਂ ’ਚ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਰਤਨ ਸਿੰਘ ਰੰਧਾਵਾ, ਰਾਜਵਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ ਵੜੈਚ, ਮੰਗਤ ਰਾਮ ਲੌਂਗੋਵਾਲ, ਬੰਤ ਬਰਾੜ, ਨੱਥਾ ਸਿੰਘ ਢੱਡਵਾਲ, ਗੋਬਿੰਦ ਸਿੰਘ ਛਾਜਲੀ, ਨਿਰਭੈ ਸਿੰਘ ਢੁੱਡੀਕੇ, ਪ੍ਰੇਮ ਸਿੰਘ ਭੰਗੂ, ਕਾਮਰੇਡ ਜਗਰੂਪ, ਸਤੀਸ਼ ਰਾਣਾ, ਗੁਲਜ਼ਾਰ ਸਿੰਘ ਭੁੰਬਲੀ, ਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਭੋਲਾ, ਸਤਨਾਮ ਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸ਼ਿਵ ਕੁਮਾਰ ਪਠਾਨਕੋਟ, ਮੋਹਨ ਸਿੰਘ ਧਮਾਣਾ, ਰਘਬੀਰ ਸਿੰਘ ਬੈਨੀਪਾਲ, ਸੱਜਣ ਸਿੰਘ ਬੈਂਸ, ਦਰਸ਼ਨ ਨਾਹਰ, ਸਰਬਜੀਤ ਗਿੱਲ ਨੇ ਸੰਬੋਧਨ ਕੀਤਾ।
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਸੰਘ ਪਰਿਵਾਰ ਤੇ ਮੋਦੀ ਸਰਕਾਰ ਦੇ ਖ਼ਿਲਾਫ਼ ਪੰਜਾਬ ਭਰ ’ਚ ਵਿਰੋਧ ਪ੍ਰਦਰਸ਼ਨ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ ਦੇ ਮੁੱਦਿਆਂ ਅਤੇ ਪੰਜਾਬ ਨਾਲ ਹੋ ਰਹੀ ਬੇਇਨਸਾਫ਼ੀ ਖਿਲਾਫ਼ ਵੀ ਲੜਨ ਦਾ ਕੀਤਾ ਐਲਾਨ
ਅਜੀਤ ਡੈਸਕ
23-06-2026