ਮਕਸੂਦਾਂ, 22 ਜੂਨ (ਸੌਰਵ ਮਹਿਤਾ)-ਜਲੰਧਰ ਸ਼ਹਿਰ ਵਿੱਚ ਗੋਲੀਆਂ ਅਤੇ ਫਿਰੌਤੀ ਦਾ ਖੌਫਨਾਕ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 10 ਦਿਨਾਂ ਦੌਰਾਨ ਵਪਾਰਕ ਅਦਾਰਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਦੀ ਤੀਜੀ ਘਟਨਾ ਸਾਹਮਣੇ ਆਉਣ ਨਾਲ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਲਗਾਤਾਰ ਹੋ ਰਹੀਆਂ ਵਾਰਦਾਤਾਂ ਨੇ ਨਾ ਸਿਰਫ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ, ਸਗੋਂ ਸ਼ਹਿਰ ਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਮਾਮਲੇ ਵਿੱਚ ਸਲੇਮਪੁਰ-ਮੁਸਲਮਾਨਾ ਰੋਡ ਸਥਿਤ ਆਰੀਅਨ ਹੋਮਿਓਪੈਥਿਕ ਕਲੀਨਿਕ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਸੋਮਵਾਰ ਸਵੇਰੇ ਜਦੋਂ ਕਲੀਨਿਕ ਦਾ ਸਟਾਫ ਦੁਕਾਨ ਖੋਲ੍ਹਣ ਪਹੁੰਚਿਆ ਤਾਂ ਸ਼ਟਰ ‘ਤੇ ਗੋਲੀ ਦਾ ਨਿਸ਼ਾਨ ਦੇਖ ਕੇ ਹੜਕੰਪ ਮਚ ਗਿਆ। ਜਦੋਂ ਸ਼ਟਰ ਖੋਲ੍ਹਿਆ ਗਿਆ ਤਾਂ ਕੱਚ ਦੇ ਦਰਵਾਜ਼ੇ ‘ਤੇ ਵੀ ਗੋਲੀ ਆਰ-ਪਾਰ ਹੋਣ ਦੇ ਨਿਸ਼ਾਨ ਮਿਲੇ ਅਤੇ ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ, ਸੀਆਈਏ ਸਟਾਫ, ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕਲੀਨਿਕ ਦੇ ਸੰਚਾਲਕ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਦਾ ਕਿਸੇ ਨਾਲ ਕੋਈ ਵਿਵਾਦ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕਿਸੇ ਤਰ੍ਹਾਂ ਦੀ ਧਮਕੀ ਜਾਂ ਫਿਰੌਤੀ ਦੀ ਕਾਲ ਮਿਲੀ ਹੈ। ਉਨ੍ਹਾਂ ਕਿਹਾ ਕਿ ਦਿਨ ਦੇ ਸਮੇਂ ਉਨ੍ਹਾਂ ਦੇ ਬੱਚੇ ਅਤੇ ਮਰੀਜ਼ ਵੀ ਕਲੀਨਿਕ ਵਿੱਚ ਮੌਜੂਦ ਰਹਿੰਦੇ ਹਨ। ਜੇਕਰ ਇਹ ਘਟਨਾ ਦਿਨ ਵੇਲੇ ਵਾਪਰਦੀ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ।ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 12 ਜੂਨ ਨੂੰ ਕਿਸ਼ਨਪੁਰਾ ਰੋਡ ਸਥਿਤ ਬੀਐਮਐਸ ਫੈਸ਼ਨ ਅਤੇ 19 ਜੂਨ ਨੂੰ ਬਸਤੀ ਇਲਾਕੇ ਦੀ ਚਾਵਲਾ ਮੋਬਾਈਲ ਸ਼ਾਪ ‘ਤੇ ਵੀ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਦੋਵਾਂ ਕਾਰੋਬਾਰੀਆਂ ਨੂੰ ਕਥਿਤ ਤੌਰ ‘ਤੇ ਫਿਰੌਤੀ ਦੀਆਂ ਧਮਕੀਆਂ ਵੀ ਮਿਲੀਆਂ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਿਕਾਇਤਾਂ ਪੁਲਿਸ ਤੱਕ ਪਹੁੰਚਣ ਦੇ ਬਾਵਜੂਦ ਅਪਰਾਧੀਆਂ ਦੇ ਹੌਸਲੇ ਘਟਣ ਦੀ ਬਜਾਏ ਹੋਰ ਵਧਦੇ ਨਜ਼ਰ ਆ ਰਹੇ ਹਨ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨੇ ਸ਼ਹਿਰ ਦੇ ਵਪਾਰਕ ਵਰਗ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਪੈਸਿਆਂ ਦੀ ਲਾਲਚ ਵਿੱਚ ਨੌਜਵਾਨ ਅਪਰਾਧ ਦੇ ਰਾਹ ‘ਤੇ ਤੁਰ ਪਏ ਹਨ ਅਤੇ ਗੋਲੀਆਂ ਚਲਾਉਣਾ ਆਮ ਗੱਲ ਬਣਦਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਵਿੱਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਕਈ ਵਪਾਰੀ ਹੁਣ ਆਪਣੀ ਸੁਰੱਖਿਆ ਲਈ ਨਿੱਜੀ ਗਾਰਡ ਰੱਖਣ ਬਾਰੇ ਵੀ ਸੋਚਣ ਲੱਗੇ ਹਨ।ਉੱਥੇ ਹੀ ਜਾਣਕਾਰਾਂ ਦਾ ਮੰਨਣਾ ਹੈ ਕਿ ਪੁਲਿਸ ਥਾਣਿਆਂ ਵਿੱਚ ਨਫਰੀ ਦੀ ਕਮੀ ਅਤੇ ਵਧਦੇ ਕੰਮ ਦੇ ਬੋਝ ਕਾਰਨ ਕਾਨੂੰਨ-ਵਿਵਸਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣਾ ਇੱਕ ਵੱਡੀ ਚੁਣੌਤੀ ਬਣ ਚੁੱਕਾ ਹੈ। ਜੇਕਰ ਸਮੇਂ ਸਿਰ ਅਜਿਹੇ ਗਿਰੋਹਾਂ ‘ਤੇ ਸ਼ਿਕੰਜਾ ਨਾ ਕੱਸਿਆ ਗਿਆ ਤਾਂ ਇਹ ਰੁਝਾਨ ਹੋਰ ਵੀ ਖਤਰਨਾਕ ਰੂਪ ਧਾਰ ਸਕਦਾ ਹੈ।ਫਿਲਹਾਲ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਵਾਰਦਾਤਾਂ ਦੇ ਪਿੱਛੇ ਲੁਕੇ ਚਿਹਰਿਆਂ ਤੱਕ ਕਦੋਂ ਪਹੁੰਚਦੀ ਹੈ ਅਤੇ ਜਲੰਧਰ ਵਾਸੀਆਂ ਨੂੰ ਗੋਲੀਆਂ ਅਤੇ ਫਿਰੌਤੀ ਦੇ ਵਧਦੇ ਖੌਫ ਤੋਂ ਕਦੋਂ ਰਾਹਤ ਮਿਲਦੀ ਹੈ।