ਜਲੰਧਰ, 10 ਜੁਲਾਈ (ਡਾ. ਜਤਿੰਦਰ ਸਾਬੀ)- ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ ਸ਼ਹਿਰ ਦੇ ਰਹਿਣ ਵਾਲੇ ਸਪੈਸ਼ਲ ਓਲੰਪਿਕਸ ਤੈਰਾਕ ਭਾਵਿਕ ਅਟਵਾਲ ਨੂੰ ਉਸ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਹੋਣਹਾਰ ਤੈਰਾਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵਿਕ ਵਰਗੇ ਖਿਡਾਰੀ ਆਪਣੀ ਮਿਹਨਤ ਅਤੇ ਹੌਸਲੇ ਸਦਕਾ ਸਮੁੱਚੇ ਸਮਾਜ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਤਿਭਾਵਾਨ ਤੈਰਾਕ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਿੜ ਇਰਾਦੇ ਅਤੇ ਹਿੰਮਤ ਦੇ ਸਾਹਮਣੇ ਕੋਈ ਰੁਕਾਵਟ ਵੱਡੀ ਨਹੀਂ ਹੁੰਦੀ। ਭਾਵਿਕ ਅਟਵਾਲ ਨੇ ਸਪੈਸ਼ਲ ਓਲੰਪਿਕਸ ਸਵੀਮਿੰਗ ਨੈਸ਼ਨਲਜ਼-2024 (ਮੰਡਿਆ, ਕਰਨਾਟਕ) ਵਿਚ 25 ਮੀਟਰ ਫ੍ਰੀਸਟਾਈਲ ਵਿਚ ਸੋਨ ਤਮਗਾ, 50 ਮੀਟਰ ਫ੍ਰੀਸਟਾਈਲ ਵਿਚ ਕਾਂਸੀ ਤਮਗਾ ਅਤੇ 25 ਮੀਟਰ ਫ੍ਰੀਸਟਾਈਲ ਰਿਲੇਅ ਵਿਚ ਕਾਂਸੀ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਸਪੈਸ਼ਲ ਓਲੰਪਿਕਸ ਭਾਰਤ ਨੈਸ਼ਨਲ ਚੈਂਪੀਅਨਸ਼ਿਪ-2016 (ਮੁੰਬਈ) ਵਿੱਚ 25 ਮੀਟਰ ਫ੍ਰੀਸਟਾਈਲ ਵਿਚ ਚਾਂਦੀ ਦਾ ਤਮਗਾ ਅਤੇ ਸਪੈਸ਼ਲ ਓਲੰਪਿਕਸ ਪੰਜਾਬ-2017 (ਪਟਿਆਲਾ) ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਹਨ।ਹਾਲ ਹੀ ਵਿੱਚ ਭਾਵਿਕ ਨੇ ਇੱਕ ਹੋਰ ਤੈਰਾਕੀ ਮੁਕਾਬਲੇ ਵਿੱਚ 25 ਮੀਟਰ ਅਤੇ 50 ਮੀਟਰ ਫ੍ਰੀਸਟਾਈਲ ਵਿੱਚ ਦੋ ਸੋਨ ਤਮਗੇ ਜਿੱਤ ਕੇ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਮੁੜ ਸਬੂਤ ਦਿੱਤਾ ਹੈ। ਇਸ ਮੌਕੇ ਜ਼ਲ੍ਹਿਾ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ, ਜਲੰਧਰ ਦੇ ਪ੍ਰਧਾਨ ਰਾਜੀਵ ਦਿਵੇਦੀ, ਸਕੱਤਰ ਪੂਨਮ, ਭਾਵਿਕ ਅਟਵਾਲ ਦੇ ਪਿਤਾ ਵਿਕਰਮ ਅਟਵਾਲ, ਮਾਤਾ ਸਾਕਸ਼ੀ ਅਟਵਾਲ ਤੇ ਭਰਾ ਸੌਰਵ ਅਟਵਾਲ ਤੇ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਵੀ ਮੌਜੂਦ ਸਨ।