ਜਲੰਧਰ, 10 ਜੁਲਾਈ (ਸ਼ਿਵ)-ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ ਨੇ ਕਿਹਾ ਕਿ ਅਬੋਹਰ ਵਿੱਚ ਮੇਅਰ ਚੋਣ ਦੌਰਾਨ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਨੇ ਲੋਕਤੰਤਰ ਨੂੰ ਬਚਾਉਣ ਲਈ ਡਟ ਕੇ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਕਪੂਰਥਲਾ ਅਤੇ ਮੋਰਿੰਡਾ ਵਿੱਚ ਆਮ ਆਦਮੀ ਪਾਰਟੀ ਨੇ ਧੱਕੇਸ਼ਾਹੀ ਨਾਲ ਆਪਣੇ ਮੇਅਰ ਬਣਾਏ, ਉਸੇ ਤਰ੍ਹਾਂ ਅੱਜ ਅਬੋਹਰ ਵਿਚ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭੰਡਾਰੀ ਨੇ ਕਿਹਾ ਕਿ ਸੁਨੀਲ ਜਾਖੜ ਦੇ ਰਾਜਨੀਤਿਕ ਤਜਰਬੇ ਅਤੇ ਭਾਰਤੀ ਜਨਤਾ ਪਾਰਟੀ ਦੀ ਉਸ ਸੋਚ, ਜਿਸ ਅਨੁਸਾਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ, ਦੀ ਬਦੌਲਤ ਅੱਜ ਅਬੋਹਰ ਵਿੱਚ ਲੋਕਤੰਤਰ ਦੀ ਹੱਤਿਆ ਹੋਣ ਤੋਂ ਰੋਕਿਆ ਗਿਆ। ਕੇ.ਡੀ. ਭੰਡਾਰੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਸੁਨੀਲ ਜਾਖੜ ਵਰਗੇ ਆਗੂ ਹਨ, ਜਿਨ੍ਹਾਂ ਨੇ ਅੱਜ ਪ੍ਰਸ਼ਾਸਨ ਦੇ ਦਬਾਅ ਦੇ ਬਾਵਜੂਦ ਡਟ ਕੇ ਮੁਕਾਬਲਾ ਕੀਤਾ ਅਤੇ ਅੰਤ ਵਿੱਚ ਸੱਚ ਅਤੇ ਸੰਵਿਧਾਨ ਦੀ ਜਿੱਤ ਹੋਈ।