ਜਲੰਧਰ, 10 ਜੁਲਾਈ (ਸ਼ਿਵ)- ਬੀਤੀ ਦਿਨੀਂ ਦੇਰ ਰਾਤ ਨੂੰ ਗਦਈਪੁਰ ਦੇ ਕੋਲ ਬਿਸਤ ਦੁਆਬ ਨਹਿਰ ਦਾ ਬੰਨ੍ਹ ਟੁੱਟਣ ਕਾਰਨ ਇਲਾਕਿਆਂ ਵਿਚ ਪਾਣੀ ਭਰ ਗਿਆ ਪਰ ਲੋਕਾਂ ਦੀ ਚੌਕਸੀ ਕਰਕੇ ਟੁੱਟੇ ਬੰਨ੍ਹ ’ਤੇ ਮਿੱਟੀ ਨਾਲ ਭਰੀਆਂ ਬੋਰੀਆਂ ਰੱਖ ਕੇ ਜ਼ਿਆਦਾ ਪਾਣੀ ਭਰਨ ਤੋਂ ਬਚਾਅ ਕੀਤਾ ਗਿਆ। ਇਨ੍ਹਾਂ ਦਿਨਾਂ ਵਿਚ ਨਹਿਰ ਵਿਚ ਪਾਣੀ ਛੱਡਿਆ ਜਾਂਦਾ ਹੈ ਜਿਸ ਕਰਕੇ ਕਈ ਵਾਰ ਪਾਣੀ ਦੇ ਓਵਰ ਫਲੋ ਹੋਣ ਕਾਰਨ ਨੀਵੇਂ ਇਲਾਕਿਆਂ ਵਿਚ ਚਲਾ ਜਾਂਦਾ ਹੈ। ਅੱਜ ਨਹਿਰੀ ਵਿਭਾਗ ਦੇ ਕਰਮਚਾਰੀਆਂ ਵਲੋਂ ਵੀ ਨਹਿਰ ਦੇ ਕਮਜ਼ੋਰ ਬੰਨ੍ਹਾਂ ’ਤੇ ਬੋਰੀਆਂ ਤੇ ਜੇ. ਸੀ. ਬੀ. ਮਸ਼ੀਨ ਨਾਲ ਮਿੱਟੀ ਭਰਨ ਦਾ ਕੰਮ ਕੀਤਾ ਗਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਨਹਿਰ ਦਾ ਪਾਣੀ ਓਵਰ ਫਲੋ ਹੋ ਗਿਆ ਜਿਸ ਕਰਕੇ ਲੋਕਾਂ ਵਲੋਂ ਸਮੇਂ ਸਿਰ ਬਚਾਅ ਦੇ ਪ੍ਰਬੰਧ ਕੀਤੇ ਗਏ। ਅੱਜ ਸਵੇਰੇ ਵੀ ਕਈ ਲੋਕਾਂ ਵਲੋਂ ਓਵਰ ਫਲੋ ਹੋਈ ਨਹਿਰ ਦੇ ਉਨਾਂ ਕਮਜ਼ੋਰ ਕੰਢਿਆਂ ’ਤੇ ਮਿੱਟੀ ਪਾਉਣ ਦਾ ਕੰਮ ਕੀਤਾ ਗਿਆ ਜਿਸ ਥਾਂ ਤੋਂ ਪਾਣੀ ਰਿਹਾਇਸ਼ੀ ਇਲਾਕਿਆਂ ਵਿਚ ਜਾਣ ਦੀ ਸ਼ੰਕਾ ਬਣੀ ਰਹਿੰਦੀ ਸੀ। ਲੋਕਾਂ ਦਾ ਕਹਿਣਾ ਸੀ ਕਿ ਕਈ ਬਾਰ ਇਸ ਜਗਾ ’ਤੇ ਪਾਣੀ ਓਵਰ ਫਲੋ ਹੁੰਦਾ ਰਿਹਾ ਹੈ ਜਿਸ ਕਰਕੇ ਰਿਹਾਇਸ਼ੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਪਾਣੀ ਲੋਕਾਂ ਦੇ ਘਰਾਂ ਵਿਚ ਨਹੀਂ ਗਿਆ ਪਰ ਇਨ੍ਹਾਂ ਦਿਨ ਵਿਚ ਨਹਿਰ ਵਿਚ ਪਿੱਛੋਂ ਹੀ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਣੀ ਭਰਨ ਦੀ ਸ਼ੰਕਾ ਬਣ ਜਾਂਦੀ ਹੈ। ਉੱਧਰ ਨਹਿਰ ਦੇ ਕੋਲ ਬੰਨ੍ਹ ਪੱਕੇ ਕਰਦੇ ਹੋਏ ਨਹਿਰੀ ਵਿਭਾਗ ਦੇ ਕਰਮਚਾਰੀ ਡਟੇ ਹੋਏ ਸਨ ਤਾਂ ਇਕ ਕਰਮਚਾਰੀ ਲੱਖਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਦੀ ਬਿਜਾਈ ਦੇ ਸੀਜਨ ਵਿਚ ਕਿਸਾਨਾਂ ਲਈ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਛੱਡਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪਾਣੀ ਜ਼ਿਆਦਾ ਆਉਣ ਨਾਲ ਨਹਿਰ ਓਵਰ ਫਲੋ ਹੋ ਗਈ ਸੀ, ਪਰ ਇਸ ਨਾਲ ਕੁੱਝ ਪਾਣੀ ਹੀ ਹੇਠਲੇ ਇਲਾਕੇ ਵਿਚ ਗਿਆ ਹੈ। ਉਨਾਂ ਦੱਸਿਆ ਕਿ ਨਹਿਰ ਦੀ ਬਕਾਇਦਾ ਸਫ਼ਾਈ ਕੀਤੀ ਗਈ ਹੈ। ਕਿਸੇ ਤਰਾਂ ਦਾ ਕੋਈ ਖ਼ਤਰਾ ਨਹੀਂ ਹੈ। ਉਧਰ ਪਹਿਲਾਂ ਵੀ ਨਹਿਰ ਵਿਚ ਪਾਣੀ ਜ਼ਿਆਦਾ ਆਉਣ ਕਾਰਨ ਕਾਲੀਆ ਕਾਲੋਨੀ ਦੇ ਇਲਾਕੇ ਵਿਚ ਪਾਣੀ ਭਰ ਜਾਂਦਾ ਹੈ। ਉਂਜ ਅੱਜ ਦੁਪਹਿਰ ਨਹਿਰ ਦੇ ਕਮਜ਼ੋਰ ਬੰਨ੍ਹ ਪੱਕੇ ਕਰਨ ਲਈ ਮਿੱਟੀ ਲਿਆਉਣ ਦਾ ਕੰਮ ਕਈ ਮਸ਼ੀਨਾਂ ਵਲੋਂ ਕੀਤਾ ਜਾਂਦਾ ਰਿਹਾ।