ਜਲੰਧਰ, 10 ਜੁਲਾਈ (ਡਾ.ਜਤਿੰਦਰ ਸਾਬੀ) ਜਲੰਧਰ ਦੀ ਹੋਣਹਾਰ ਬੈਡਮਿੰਟਨ ਖਿਡਾਰਨ ਇਨਾਇਤ ਗੁਲਾਟੀ ਨੇ ਸ਼ਾਨਦਾਰ ਪ੍ਰਦਰਸ਼ਨ ਦੇ ਬਲ ‘ਤੇ ਬੈਡਮਿੰਟਨ ਏਸ਼ੀਆ ਅੰਡਰ-15 ਅਤੇ ਅੰਡਰ-17 ਜੂਨੀਅਰ ਚੈਂਪੀਅਨਸ਼ਿਪ-2026 ਲਈ ਕੁਆਲੀਫਾਈ ਕਰਕੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਇਹ ਚੈਂਪੀਅਨਸ਼ਿਪ 8 ਤੋਂ 13 ਸਤੰਬਰ 2026 ਤੱਕ ਚੇਂਗਦੂ (ਚੀਨ) ਵਿੱਚ ਕਰਵਾਈ ਜਾਵੇਗੀ। ਇਨਾਇਤ ਗੁਲਾਟੀ, ਜੋ ਰੱਤੀ ਬੈਡਮਿੰਟਨ ਅਕੈਡਮੀ, ਦੋਆਬਾ ਕਾਲਜ, ਜਲੰਧਰ ਦੀ ਖਿਡਾਰਨ ਹੈ, ਨੇ ਹਾਲ ਹੀ ਵਿੱਚ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਆਪਣਾ ਸਥਾਨ ਪੱਕਾ ਕੀਤਾ। ਇਸ ਮਾਣਮੱਤੀ ਪ੍ਰਾਪਤੀ ਤੇ ਰੱਤੀ ਬੈਡਮਿੰਟਨ ਅਕੈਡਮੀ ਵਿਖੇ ਇਨਾਇਤ ਗੁਲਾਟੀ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਤੇ ਇਸ ਨੂੰ ਬਹੁਤ ਹੀ ਮਾਣ ਵਾਲੀ ਗੱਲ ਦੱਸਿਆ ਇਸ ਮੌਕੇ ਤੇ ਕੌਮਾਂਤਰੀ ਬੈਡਮਿੰਟਨ ਖਿਡਾਰੀ ਸਚਿਨ ਰੱਤੀ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ ਤੇ ਉਨ੍ਹਾਂ ਨੇ ਇਨਾਇਤ ਗੁਲਾਟੀ ਨੂੰ ਪੰਜਾਬ ਦਾ ਮਾਣ ਦੱਸਿਆ ਤੇ ਕਿਹਾ ਇਸ ਨਾਲ ਪੰਜਾਬ ਦੀ ਬੈਡਮਿੰਟਨ ਖੇਡ ਹੋਰ ਮਜਬੂਤ ਹੋਵੇਗੀ ਤੇ ਜੂਨੀਅਰ ਵਰਗ ਦੇ ਖਿਡਾਰੀ ਇਸ ਤੋਂ ਪ੍ਰਭਾਵਿਤ ਹੋਣਗੇ। ਰੱਤੀ ਬੈਡਮਿੰਟਨ ਅਕੈਡਮੀ ਦੇ ਕੋਚਾਂ ਨੇ ਇਨਾਇਤ ਦੀ ਇਸ ਪ੍ਰਾਪਤੀ ਨੂੰ ਅਕੈਡਮੀ ਲਈ ਮਾਣ ਵਾਲਾ ਪਲ ਕਰਾਰ ਦਿੰਦਿਆਂ ਕਿਹਾ ਕਿ ਉਸ ਦੀ ਲਗਨ, ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਉਨ੍ਹਾਂ ਨੂੰ ਆਸ ਹੈ ਕਿ ਇਨਾਇਤ ਚੀਨ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕਰੇਗੀ ਅਤੇ ਤਿਰੰਗਾ ਬੁਲੰਦ ਕਰੇਗੀ। ਇਸ ਮਾਣਮੱਤੀ ਪ੍ਰਾਪਤੀ ਤੇ ਜਲੰਧਰ ਦੇ ਖੇਡ ਜਗਤ, ਬੈਡਮਿੰਟਨ ਪ੍ਰੇਮੀਆਂ ਅਤੇ ਵੱਖ-ਵੱਖ ਖੇਡ ਸੰਸਥਾਵਾਂ ਨੇ ਇਨਾਇਤ ਗੁਲਾਟੀ ਅਤੇ ਉਸ ਦੇ ਪ੍ਰੀਵਾਰ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਤੇ ਰੱਤੀ ਬੈਡਮਿੰਟਨ ਅਕੈਡਮੀ ਦੇ ਖਿਡਾਰੀ, ਕੋਚ, ਪ੍ਰੀਵਾਰ ਦੇ ਮੈਂਬਰ ਤੇ ਕਾਲਜ ਦੇ ਪ੍ਰਬੰਧਕ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।