ਸ਼ਾਹਕੋਟ, 10 ਜੁਲਾਈ (ਸੁਖਦੀਪ ਸਿੰਘ)- ਮੁੱਖ ਚੋਣ ਕਮਿਸ਼ਨਰ, ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਸ਼ਾਹਕੋਟ ਆਦਿੱਤਿਆ ਗੁਪਤਾ ਦੀ ਅਗਵਾਈ ਹੇਠ ਹਲਕਾ ਸ਼ਾਹਕੋਟ ਦੇ ਵੱਖ-ਵੱਖ ਬੂਥਾਂ ’ਤੇ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ.) 2026 ਤਹਿਤ ਵੋਟਰ ਸੂਚੀਆਂ ਨੂੰ ਸਹੀ ਅਤੇ ਅਪਡੇਟ ਕਰਨ ਲਈ ਇੱਕ ਵਿਸ਼ੇਸ਼ ਕੈਂਪ 11 ਤੇ 12 ਜੁਲਾਈ (ਸ਼ਨੀਵਾਰ-ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਇਆ ਜਾ ਰਿਹਾ ਹੈ। ਐਸ.ਡੀ.ਐਮ. ਆਦਿੱਤਿਆ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਆਈ.ਆਰ. ਅਧੀਨ ਬੀ.ਐਲ.ਓਜ਼. ਵੱਲੋਂ ਘਰ-ਘਰ ਤੱਕ ਪਹੁੰਚ ਕੀਤੀ ਗਈ ਹੈ। ਜੇਕਰ ਫਿਰ ਵੀ ਕਿਸੇ ਯੋਗ ਵਿਅਕਤੀ ਨੇ ਅਜੇ ਤੱਕ ਆਪਣਾ ਐਨਿਊਮਰੇਸ਼ਨ ਫਾਰਮ ਨਹੀਂ ਭਰਿਆ ਹੈ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਨਾਲ ਸੰਪਰਕ ਕਰਕੇ ਫਾਰਮ ਭਰ ਸਕਦਾ ਹੈ। ਇਹ ਫਾਰਮ ਭਰਨ ਅਤੇ ਬੀ.ਐਲ.ਓ. ਕੋਲ ਜਮ੍ਹਾਂ ਕਰਵਾਉਣ ਲਈ 11 ਤੇ 12 ਜੁਲਾਈ ਨੂੰ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਬੀ.ਐੱਲ.ਓ. ਲੋਕਾਂ ਦੀ ਸਹਾਇਤਾ ਲਈ ਉਪਲੱਬਧ ਰਹਿਣਗੇ। ਉਨ੍ਹਾਂ ਸਬ-ਡਵੀਜ਼ਨ ਸ਼ਾਹਕੋਟ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਭਰਿਆ ਹੋਇਆ ਐਨਿਊਮਰੇਸ਼ਨ ਫਾਰਮ ਅਤੇ ਦੋ ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਜਾਣ। ਇਸ ਦੇ ਨਾਲ ਹੀ ਆਧਾਰ ਕਾਰਡ, ਪੁਰਾਣਾ ਵੋਟਰ ਕਾਰਡ (ਜੇ ਹੈ) ਅਤੇ ਰਿਹਾਇਸ਼/ਉਮਰ ਦੇ ਸਬੂਤ ਵਾਲੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਜ਼ਰੂਰ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਹਰ ਯੋਗ ਵੋਟਰ ਦਾ ਵੇਰਵਾ ਸਹੀ ਢੰਗ ਨਾਲ ਦਰਜ ਕਰਨਾ ਅਤੇ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ ਤੇ ਸ਼ੁੱਧ ਬਣਾਉਣਾ ਹੈ। ਉਨ੍ਹਾਂ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਪੋਲਿੰਗ ਬੂਥ ‘ਤੇ ਜ਼ਰੂਰ ਪਹੁੰਚਣ ਅਤੇ ਇਸ ਮਹੱਤਵਪੂਰਨ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਉਣ।