ਕਿਹਾ-ਪੰਜਾਬ ਦੇ ਸੰਸਦ ਮੈਂਬਰ ਚੁੱਪੀ ਤੋੜਨ
ਜਲੰਧਰ, 12 ਜੁਲਾਈ (ਐੱਮ. ਐੱਸ. ਲੋਹੀਆ) - ਇੰਟਰਨੈਸ਼ਨਲ ਸਿੱਖ ਕੌਂਸਲ ਨੇ ਸ਼ਹੀਦ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਜੀਵਨ ਅਤੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦੇ ਸੰਘਰਸ਼ ’ਤੇ ਅਧਾਰਿਤ ਫ਼ਿਲਮ “ਸਤਲੁਜ” ਨੂੰ ਭਾਰਤ ’ਚ ਜ਼ੀ-5 ਤੋਂ ਹਟਾਏ ਜਾਣ ’ਤੇ ਗਹਿਰੀ ਚਿੰਤਾ ਅਤੇ ਰੋਸ ਪ੍ਰਗਟ ਕੀਤਾ ਹੈ। ਕੌਂਸਲ ਨੇ ਕਿਹਾ ਕਿ ਭਾਈ ਖ਼ਾਲੜਾ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਮਨੁੱਖੀ ਅਧਿਕਾਰਾਂ ਨਾਲ ਜੁੜੇ ਗੰਭੀਰ ਮਾਮਲਿਆਂ ਨੂੰ ਬੇਨਕਾਬ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਸੀ, ਇਸ ਲਈ ਉਨ੍ਹਾਂ ਦੇ ਜੀਵਨ ’ਤੇ ਬਣੀ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਸਹੀ ਨਹੀਂ ਹੈ। ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਲੋਕਤੰਤਰ ’ਚ ਇਤਿਹਾਸ ਨੂੰ ਜਾਣਨ ਅਤੇ ਸੱਚ ਨੂੰ ਸਾਹਮਣੇ ਲਿਆਉਣ ਦਾ ਹੱਕ ਹਰ ਨਾਗਰਿਕ ਨੂੰ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ “ਸਤਲੁਜ” ਨੂੰ ਤੁਰੰਤ ਜ਼ੀ-5 ਅਤੇ ਹੋਰ ਕਾਨੂੰਨੀ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਮੁੜ ਰਿਲੀਜ਼ ਕੀਤਾ ਜਾਵੇ। ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਨੇ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਇਸ ਮਸਲੇ ’ਤੇ ਆਪਣਾ ਸਪੱਸ਼ਟ ਸਟੈਂਡ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਕੋਲ ਅਪੀਲ ਕੀਤੀ ਕਿ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐੱਸ. ਗਿੱਲ ਨੂੰ ਦਿੱਤੇ ਗਏ ਪਦਮ ਸ੍ਰੀ ਸਨਮਾਨ ਨੂੰ ਵਾਪਸ ਲੈਣ ਲਈ ਸੰਵਿਧਾਨਕ ਅਤੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਮੀਟਿੰਗ ’ਚ ਮਨਜੀਤ ਸਿੰਘ ਬਿੱਲਾ, ਮਨਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਦਵਿੰਦਰ ਸਿੰਘ ਰੈਕਸੀ, ਗੁਰਪ੍ਰੀਤ ਸਿੰਘ ਭਾਟੀਆ, ਇੰਦਰਜੀਤ ਸਿੰਘ ਨਿਹੰਗ, ਸ਼ੇਰ ਸਿੰਘ ਨਿਹੰਗ (ਬੁੱਢਾ ਦਲ), ਗਗਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮਾਨ ਅਤੇ ਪਰਮਜੀਤ ਸਿੰਘ ਮਿੱਠੂ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ਿਲਮ ਦੀ ਮੁੜ ਰਿਲੀਜ਼, ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ’ਚ ਨਿਆਂ ਅਤੇ ਲੋਕਤੰਤਰੀ ਪ੍ਰਗਟਾਵੇ ਦੀ ਅਜ਼ਾਦੀ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।
‘ਸਤਲੁਜ’ ਫ਼ਿਲਮ ਨੂੰ ਤੁਰੰਤ ਰਿਲੀਜ਼ ਕੀਤਾ ਜਾਵੇ - ਇੰਟਰਨੈਸ਼ਨਲ ਸਿੱਖ ਕੌਂਸਲ
ਅਜੀਤ ਡੈਸਕ
13-07-2026