ਰਾਜਪਾਲ ਕਟਾਰੀਆ ਤੇ ਸਿੱਖਿਆ ਮੰਤਰੀ ਬੈਂਸ ਵਲੋਂ ਸਨਮਾਨ
ਜਲੰਧਰ, 12 ਜੁਲਾਈ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ 51ਵੀਂ ਕਨਵੋਕੇਸ਼ਨ ਦੌਰਾਨ ਬੈਚਲਰ ਆਫ਼ ਫਿਜ਼ਿਓਥੈਰੇਪੀ (ਬੀਪੀਟੀ) ਚੌਥੇ ਸਾਲ ਦੀ ਵਿਦਿਆਰਥਣ ਕਸ਼ਿਸ਼ ਮਾਹਨਾ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਗੋਲਡ ਮੈਡਲ ਆਪਣੇ ਨਾਂ ਕੀਤਾ। ਕਨਵੋਕੇਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਗੁਲਾਬ ਚੰਦ ਕਟਾਰੀਆ ਨੇ ਮੈਡਲ ਅਤੇ ਡਿਗਰੀ ਪ੍ਰਦਾਨ ਕਰਕੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ। ਇਸ ਮੋਕੇ ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਨਿਊ ਜਰਸੀ ਤੋਂ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਕਨਵੋਕੇਸ਼ਨ ’ਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਕਨਵੋਕੇਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ (ਡਾ) ਕਰਮਜੀਤ ਸਿੰਘ ਨੇ ਕੀਤੀ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਿਗਰੀ ਅਤੇ ਮੈਡਲ ਸਿਰਫ਼ ਸਨਮਾਨ ਨਹੀਂ, ਸਗੋਂ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਵੀ ਪ੍ਰਤੀਕ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਅਤੇ ਯੋਗਤਾ ਨੂੰ ਦੇਸ਼ ਦੀ ਤਰੱਕੀ ਅਤੇ ਲੋਕ ਭਲਾਈ ਲਈ ਸਮਰਪਿਤ ਕਰਨ ਦਾ ਸੱਦਾ ਦਿੱਤਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਸ਼ਿਸ਼ ਮਾਹਨਾ ਸਮੇਤ ਹੋਰਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਿੱਖਿਆ ਦੇ ਖੇਤਰ ਵਿਚ ਦੇਸ਼ ਅਤੇ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਗੋਲਡ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀ ਹੋਰਨਾਂ ਲਈ ਪ੍ਰੇਰਣਾ ਹਨ| ਕਸ਼ਿਸ਼ ਮਾਹਨਾ ਦੀ ਇਸ ਸ਼ਾਨਦਾਰ ਸਫਲਤਾ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ੁਭਚਿੰਤਕਾਂ ਨੇ ਵਧਾਈ ਦਿੰਦਿਆਂ ਉਸਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
ਬੀ.ਪੀ.ਟੀ. ਚੌਥੇ ਸਾਲ ’ਚ ਪਹਿਲਾ ਸਥਾਨ ਹਾਸਿਲ ਕਰ ਕਸ਼ਿਸ਼ ਮਾਹਨਾ ਬਣੀ ਗੋਲਡ ਮੈਡਲਿਸਟ
ਅਜੀਤ ਡੈਸਕ
13-07-2026