ਚੁਗਿੱਟੀ/ ਜੰਡੂਸੀੰਘਾ, 12 ਜੁਲਾਈ (ਨਰਿੰਦਰ ਲਾਗੂ)-ਹੁਣ ਜਦੋਂ ਕਿ ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ‘ਤੇ ਆਰ.ਓ.ਬੀ.ਬਣਾਏ ਜਾਣ ਨੂੰ ਲੈਣ ਕੇ ਕੇਂਦਰ ਸਰਕਾਰ ਵਲੋਂ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਤੇ ਉਸ ਦੇ ਚੱਲਦਿਆਂ ਉਕਤ ਫਾਟਕ ਦੇ ਆਸਪਾਸ ਮਿੱਟੀ ਦੀ ਜਾਂਚ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਉਥੇ ਹੀ ਦੂਜੇ ਪਾਸੇ ਗੁਰੂ ਨਾਨਕਪੁਰਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਇਸ ਦੇ ਵਿਰੋਧ ਵਿੱਚ ਆਪਣੀ ਅਵਾਜ਼ ਨੂੰ ਹੋਰ ਤੇਜ਼ ਕਰਦੇ ਹੋਏ ਇਲਾਕੇ ਭਰ ਵਿੱਚ ਪੋਸਟਰ ਵੰਡੇ ਗਏ। ਜਿਨ੍ਹਾਂ ‘ਤੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੂੰ ਆਰ.ਓ.ਬੀ. ਨਹੀਂ ਬਲਕਿ ਆਰ.ਯੂ.ਬੀ. ਚਾਹੀਦਾ ਹੈ। ਇਸ ਨੂੰ ਸਾਹਮਣੇ ਰੱਖ ਕੇ ਜਦੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਬੀਤੇ ਦਿਨੀਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਵੀ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ ਬਣਾਉਣ ਪ੍ਰਤੀ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ ਸੀ। ਜਿਨ੍ਹਾਂ ਵਲੋਂ ਦੁਕਾਨਦਾਰਾਂ ਨੂੰ ਮਿਲਕੇ ਇਸ ਮਸਲੇ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ ਸੀ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਹੋਣ ਨਾਲ ਇਥੇ 500 ਦੇ ਕਰੀਬ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋ ਜਾਵੇਗਾ। ਉਨ੍ਹਾਂ ਦੀ ਰੋਜ਼ੀ ਰੋਟੀ ਦੇ ਸਾਧਨ ਖ਼ਤਮ ਹੋ ਜਾਣਗੇ। ਉਨ੍ਹਾਂ ਆਖਿਆ ਕਿ ਇਸ ਦੇ ਨਾਲ -ਨਾਲ ਵੱਡੀ ਗਿਣਤੀ ਸਥਾਨਕ ਵਸਨੀਕਾਂ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਆਰ.ਓ.ਬੀ. ਤੱਕ ਪਹੁੰਚਣ ਲਈ ਲਗਭਗ ਇੱਕ ਚੌਥਾਈ ਕਿਲੋਮੀਟਰ ਵਾਪਸ ਜਾਣਾ ਪਵੇਗਾ। ਜਿਸ ਨਾਲ ਇਲਾਕਾ ਨਿਵਾਸੀਆਂ ਦਾ ਰੌਜ਼ਾਨਾ ਦਾ ਜੀਵਨ ਵਿਗੜ ਜਾਵੇਗਾ। ਉਨ੍ਹਾਂ ਕਿਹਾ ਕਿ ਆਰ.ਓ.ਬੀ.ਬਣਨ ਨਾਲ ਉਸਦੇ ਹੇਠਾਂ ਨਜਾਇਜ਼ ਕਬਜ਼ੇ ਹੋਣ ਦਾ ਡਰ ਪੈਦਾ ਹੋ ਜਾਵੇਗਾ। ਨਸ਼ੇੜੀਆਂ ਦਾ ਪੱਕਾ ਅੱਡਾ ਬਣ ਜਾਵੇਗਾ ਜਿਨ੍ਹਾਂ ਵਲੋਂ ਆਉਂਦੇ ਜਾਂਦੇ ਲੋਕਾਂ, ਖ਼ਾਸ ਕਰਕੇ ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਉਨ੍ਹਾਂ ਕਿਹਾ ਨੇੜ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਉਕਤ ਤਮਾਮ ਸਮੱਸਿਆਵਾਂ ਤੋਂ ਬਚਣ ਲਈ ਹੀ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਕਤ ਰੇਲਵੇ ਫਾਟਕ ‘ਤੇ ਪ੍ਰਸਤਾਵਿਤ ਆਰ.ਓ.ਬੀ.ਦੀ ਬਜਾਇ ਆਰ.ਯੂ.ਬੀ.ਹੀ ਬਣਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਦੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੇ ਸਾਧਨ ਵੀ ਸਲਾਮਤ ਰਹਿਣ ਅਤੇ ਇਲਾਕਾ ਵਸਨੀਕਾਂ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਸਮੱਸਆ ਦਾ ਸਾਹਮਣਾ ਨਾ ਕਰਨਾ ਪਵੇ।
ਆਰ.ਓ.ਬੀ.ਬਣਨ ਨਾਲ ਨਿੱਤ ਲੱਗਦੇ ਜਾਮ ਤੋਂ ਹੋਵੇਗਾ ਛੁਟਕਾਰਾ -ਖੇਤਰਵਾਸੀ
ਉਧਰ ਜਦੋਂ ਰਾਹਗੀਰਾਂ ਦੀ ਰਾਇ ਜਾਨਣ ਲਈ ਗੁਰੂ ਨਾਨਕਪੁਰਾ ਮਾਰਕੀਟ ਵਿੱਚ ਲੰਘਦੇ ਵੱਖ -ਵੱਖ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਵੱਲੋਂ ਆਰ.ਓ.ਬੀ.ਬਣਾਏ ਜਾਣ ਪ੍ਰਤੀ ਹਾਮੀ ਭਰੀ ਗਈ। ਤਰਸੇਮ ਸਿੰਘ,ਜਗਨ ਚੰਦ, ਪਿਆਰੇ ਲਾਲ, ਨਸ਼ੀਬ ਸਿੰਘ, ਪਿਆਰ ਕੌਰ, ਰਾਜੂ,ਬੰਟੀ, ਕਸ਼ਮੀਰਾ ਸਿੰਘ, ਕੁਲਵੰਤ ਸਿੰਘ, ਰਾਮ ਜੀ ਦਾਸ, ਪ੍ਰਵੀਨ ਕੁਮਾਰ,ਬੰਸੋ, ਤਰਲੋਚਨ ਸਿੰਘ, ਬਿੱਟੂ, ਬ੍ਰਿਜ ਲਾਲ, ਤੇ ਸੰਤੋਖ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਕਿਹਾ ਕਿ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋਵੇਗਾ,ਪਰ ਨਾਲ ਦੀ ਨਾਲ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਐਮਰਜੈਂਸੀ ਸਮੇਂ ਇਸ ਰੇਲਵੇ ਫਾਟਕ ਦੇ ਬੰਦ ਹੋਣ ਸਮੇਂ ਕਿੰਨਾ ਦੁੱਖ ਝੱਲਣਾ ਪੈਂਦਾ ਹੈ। ਘੜੀ ਘੜੀ ਬਾਅਦ ਬੰਦ ਹੁੰਦੇ ਫਾਟਕ ਕਾਰਨ ਅਕਸਰ ਇਸ ਮਾਰਕੀਟ ਵਿੱਚ ਜਾਮ ਲੱਗਾ ਰਹਿੰਦਾ ਹੈ ਜਿਸ ਕਾਰਨ ਜਿਥੇ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਦੀ ਆਵਾਜਾਈ ਦੌਰਾਨ ਤਾਂ ਫਾਟਕ ਬੰਦ ਹੋਣਾ ਹੀ ਹੁੰਦਾ ਹੈ, ਪਰ ਆਏ ਦਿਨ ਲਾਪ੍ਰਵਾਹ ਵਾਹਨ ਚਾਲਕਾਂ ਦੀ ਅਣਗਹਿਲੀ ਕਾਰਨ ਕਾਰਨ ਫਾਟਕ ਦੇ ਹੁੰਦੇ ਨੁਕਸਾਨ ਦੌਰਾਨ ਮੁਰੰਮਤ ਸਮੇਂ ਲੱਗਦੇ ਸਮੇਂ ਕਾਰਨ ਬੰਦ ਹੁੰਦੇ ਫਾਟਕ ਨਾਲ ਵੀ ਲੋਕ ਪ੍ਰੇਸ਼ਾਨ ਹੁੰਦੇ ਹਨ । ਸੋ ਇਨ੍ਹਾਂ ਗੱਲਾਂ ਵੱਲ ਜੇਕਰ ਗੰਭੀਰਤਾ ਨਾਲ ਗੌਰ ਕੀਤੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਉਕਤ ਰੇਲਵੇ ਫਾਟਕ ‘ਤੇ ਆਰ.ਓ.ਬੀ.ਬਣਨਾ ਹੀ ਚਾਹੀਦਾ ਹੈ । ਉਸ ਨਾਲ ਹੀ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਸਕੇਗੀ ਤੇ ਇਲਾਕਾ ਨਿਵਾਸੀ ਸੁੱਖ ਦਾ ਸਾਹ ਲੈ ਸਕਣਗੇ।