05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਸਮੇਸ਼ ਨਗਰ ’ਚ ਵਾਪਰੇ ਦੋਹਰੇ ਹੱਤਿਆਕਾਂਡ ’ਚ ਲੋੜੀਂਦਾ ਮੁਲਜ਼ਮ ਸ਼ੁਭਮ ਉਰਫ਼ ਗੁੱਲੂ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ

Ad Position 21
No active advertisement
ਅਜੀਤ ਡੈਸਕ 23-07-2026
ਜਲੰਧਰ, 22 ਜੁਲਾਈ (ਜਤਿੰਦਰ ਪੰਮੀ)–ਕਮਿਸ਼ਨਰੇਟ ਪੁਲਿਸ ਨੇ ਪਿਛਲੇ ਮਹੀਨੇ ਥਾਣਾ ਭਾਰਗੋ ਕੈਂਪ ਅਧੀਨ ਆਉਂਦੇ ਮੁਹੱਲਾ ਦਸਮੇਸ਼ ਨਗਰ ਵਾਪਰੇ ਦੋਹਰੇ ਹੱਤਿਆਕਾਂਡ ’ਚ ਲੋੜੀਂਦੇ ਮੁਲਜ਼ਮ ਸ਼ੁਭਮ ਉਰਫ਼ ਗੁੱਲੂ ਨੂੰ ਤਿਲਕ ਨਗਰ ਨੇੜੇ ਨਾਖਾਂ ਵਾਲਾ ਬਾਗ ’ਚੋਂ ਹੋਏ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕਰ ਲਿਆ। ਦੋਵਾਂ ਪਾਸਿਓਂ ਤੋਂ ਚੱਲੀਆਂ ਗੋਲੀਆਂ ਦੌਰਾਨ ਮੁਲਜ਼ਮ ਦੀ ਖੱਬੀ ਲੱਤ ’ਚ ਗੋਲੀ ਵੱਜਣ ਨਾਲ ਉਹ ਜ਼ਖ਼ਮੀ ਹੋ ਗਿਆ ਜਿਸ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਨੇ ਸਿਵਲ ਹਸਪਤਾਲ ਇਲਾਜ ਲਈ ਭੇਜ ਦਿੱਤਾ। ਮੁਕਾਬਲੇ ਤੋਂ ਬਾਅਦ ਪੁਲਿਸ ਟੀਮਾਂ ਵਲੋਂ ਘਟਨਾ ਸਥਾਨ ਦੀ ਲਈ ਗਈ ਤਲਾਸ਼ੀ ਦੌਰਾਨ .32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਤੇ 4 ਖਾਲੀ ਰੌਂਦ ਤੋਂ ਇਲਾਵਾ ਮੋਟਰਸਾਈਕਲ ਬਰਾਮਦ ਕੀਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਉੱਚ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਫੜੇ ਗਏ ਮੁਲਜ਼ਮ ਗੁੱਲੂ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਘਟਨਾ ਸਥਾਨ ’ਤੇ ਪੁੱਜੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਸੀ. ਆਈ. ਏ. ਸਟਾਫ ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 12 ਜੂਨ ਨੂੰ ਦਸਮੇਸ਼ ਨਗਰ ’ਚ ਹੋਈ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਦੀ ਹੱਤਿਆ ਦੇ ਮਾਮਲੇ ’ਚ ਲੋੜੀਂਦਾ ਮੁਲਜ਼ਮ ਸ਼ੁਭਮ ਉਰਫ਼ ਗੁੱਲੂ ਤਿਲਕ ਨਗਰ ਨੇੜੇ ਨਾਖਾਂ ਵਾਲਾ ਬਾਗ ਇਲਾਕੇ ਵਿੱਚ ਵਾਰਦਾਤ ਕਰਨ ਦੀ ਤਾਕ ਵਿੱਚ ਘੁੰਮ ਰਿਹਾ ਹੈ। ਪੁਲਿਸ ਦੀਆਂ ਟੀਮਾਂ ਨੇ ਥਾਣਾ ਭਾਰਗੋ ਕੈਂਪ ਦੇ ਮੁਖੀ ਰਾਜਿੰਦਰ ਸਿੰਘ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਦੀ ਅਗਵਾਈ ’ਚ ਤੁਰੰਤ ਉਥੇ ਨਾਕੇਬੰਦੀ ਕਰ ਦਿੱਤੀ ਤਾਂ ਸ਼ੁਭਮ ਉਰਫ਼ ਗੁੱਲੂ ਉਦੇ ਨਗਰ ਤੋਂ ਨਾਖਾਂ ਵਾਲਾ ਬਾਗ ਸਾਈਡ ਨੂੰ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ। ਪੁਲਿਸ ਟੀਮ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਮੋਟਰਸਾਈਕਲ ਇਕਦਮ ਪਿੱਛੇ ਨੂੰ ਮੋੜ ਲਿਆ ਪਰ ਹਫੜਾ-ਦਫੜੀ ’ਚ ਸੜਕ ਕੰਢੇ ਡਿੱਗ ਪਿਆ। ਇਸ ਦੇ ਨਾਲ ਹੀ ਉਸ ਨੇ ਆਪਣੀ ਡੱਬ ’ਚੋਂ ਪਿਸਤੌਲ ਕੱਢ ਕੇ ਪੁਲਿਸ ਪਾਰਟੀ ਉਪਰ ਕਰੀਬ 4 ਰੌਂਦ ਫਾਇਰ ਕੀਤੇ ਤਾਂ ਥਾਣਾ ਮੁਖੀ ਰਜਿੰਦਰ ਸਿੰਘ ਨੇ ਆਪਣੇ ਤੇ ਸਾਥੀ ਮੁਲਾਜ਼ਮਾਂ ਦੇ ਬਚਾਅ ਲਈ ਸਰਵਿਸ ਰਿਵਾਲਵਰ ਨਾਲ ਜਵਾਬੀ ਕਾਰਵਾਈ ਕਰਦਿਆਂ 4 ਰੌਂਦ ਫਾਇਰ ਕੀਤੇ ਤਾਂ ਇਕ ਗੋਲੀ ਮੁਲਜ਼ਮ ਦੀ ਖੱਬੀ ਲੱਤ ਦੀ ਪਿੰਨੀ ਵਿੱਚ ਲੱਗੀ। ਪੁਲਿਸ ਟੀਮ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ਅਤੇ ਐਂਬੂਲੈਂਸ ’ਚ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ, ਏ. ਡੀ. ਸੀ. ਪੀ. (ਤਫਤੀਸ਼) ਜੈਅੰਤ ਪੁਰੀ, ਏ. ਡੀ. ਸੀ. ਪੀ.-2 ਰਾਕੇਸ਼ ਯਾਦਵ, ਏ. ਸੀ. ਪੀ. (ਤਫਤੀਸ਼) ਅਮਰਬੀਰ ਸਿੰਘ, ਏ. ਸੀ. ਪੀ. ਵੈਸਟ ਅਤਿਸ਼ ਭਾਟੀਆ ਵੀ ਮੌਜੂਦ ਸਨ।

12 ਜੂਨ ਨੂੰ ਹੋਈ ਗੋਲੀਬਾਰੀ ’ਚ ਸਿਮਰਨਜੀਤ ਸਿੰਘ ਤੇ ਸੌਰਵ ਕੁਮਾਰ ਦੀ ਹੋਈ ਸੀ ਮੌਤ
ਇੱਥੇ ਦੱਸਣਯੋਗ ਹੈ ਕਿ ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਨਿਊ ਦਸਮੇਸ਼ ਨਗਰ ’ਚ 12 ਜੂਨ ਦੀ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ 24 ਸਾਲਾ ਸਿਮਰਨਜੀਤ ਸਿੰਘ ਦੀ ਗਰਦਨ ’ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਦੋਂਕਿ 22 ਸਾਲਾ ਸੌਰਵ ਕੁਮਾਰ ਦੇ ਪੇਟ ਵਿੱਚ ਗੋਲੀ ਲੱਗੀ ਸੀ ਅਤੇ ਉਸ ਦੀ ਵੀ ਅਗਲੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਗੋਲੀਬਾਰੀ ਦੀ ਘਟਨਾ ਦੌਰਾਨ ਸ਼ੁਭਮ ਉਰਫ਼ ਗੁੱਲੂ ਨੇ ਗੋਲੀਆਂ ਚਲਾਈਆਂ ਸਨ ਜਿਸ ਨਾਲ ਵਿਰੋਧੀ ਧਿਰ ਦਾ ਸੌਰਵ ਕੁਮਾਰ ਤੇ ਉਸ ਦੇ ਆਪਣੇ ਗਰੁੱਪ ਵਿੱਚ ਸ਼ਾਮਲ ਸਿਮਰਨਜੀਤ ਸਿੰਘ ਨੂੰ ਗੋਲੀਆਂ ਲੱਗਣ ਨਾਲ ਦੋਵਾਂ ਦੀ ਮੌਤ ਹੋਈ ਸੀ। ਸੀ. ਪੀ. ਨੇ ਦੱਸਿਆ ਕਿ ਇਸ ਹੱਤਿਆਕਾਂਡ ਦਾ ਮੁੱਖ ਕਾਰਨ ਇਹ ਸੀ ਕਿ ਮੁੱਖ ਦੋਸ਼ੀ ਸ਼ੁਭਮ ਉਰਫ ਗੁੱਲੂ ਨੂੰ ਸ਼ੱਕ ਸੀ ਕਿ ਸੌਰਵ ਨੇ ਸਿਮਰਨਜੀਤ ਦੀ ਕੁੱਟਮਾਰ ਦੀ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ ਜਿਸ ਕਾਰਨ ਉਸ ਨੇ ਸੌਰਵ ਕੁਮਾਰ ’ਤੇ ਸਾਥੀਆਂ ਸਮੇਤ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ’ਤੇ ਹਮਲਾ ਹੋਇਆ ਸੀ ਜਿਸ ਦਾ ਸ਼ਿਕਾਇਤ ਵੀ ਥਾਣਾ ਭਾਰਗੋ ਕੈਂਪ ਵਿੱਚ ਦਿੱਤੀ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅੱਜ ਭਰਨਗੇ ਕੀਰਤਨ ਦੀ ਹਾਜ਼ਰੀ ਅਗਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਹੜਤਾਲ 24 ਤੱਕ ਵਧੀ, ਪਾਵਰਕਾਮ ਦੀ ਵਧੀ ਚਿੰਤਾ
Ad Position 24
No active advertisement