ਫਿਲੌਰ, 22 ਜੁਲਾਈ (ਸਤਿੰਦਰ ਸ਼ਰਮਾ)-ਮੁੱਖ ਮਾਰਗ ’ਤੇ ਲੱਗਦੇ ਲੰਬੇ ਜਾਮ ਆਏ ਦਿਨ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੇ ਰਹਿੰਦੇ ਹਨ ਤੇ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਅਹਿਮ ਸਮੱਸਿਆ ਨੂੰ ਅਕਸਰ ਨਜ਼ਰ ਅੰਦਾਜ਼ ਕਰਦੇ ਹੋਏ ਖ਼ੁਦ ਤਾਂ ਪੁਲਿਸ ਫੋਰਸ ਦਾ ਸਹਾਰਾ ਲੈ ਕੇ ਲੰਘ ਜਾਂਦੇ ਹਨ, ਪਰ ਆਮ ਜਨਤਾ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਅੱਤ ਦੀ ਗਰਮੀ ਵਿਚ ਜਾਮ ’ਚ ਫਸੀ ਭੁੱਖੀ ਪਿਆਸੀ ਘੰਟਿਆਂ ਬੱਧੀ ਤੜਪਦੀ ਰਹਿੰਦੀ ਹੈ। ਬਦਕਿਸਮਤੀ ਨਾਲ ਫਿਲੌਰ ਨੇੜੇ ਸਤਲੁਜ ਦਰਿਆ ’ਤੇ ਉਹੀ ਚਹੁਮਾਰਗੀ ਖਸਤਾ ਪੁਰਾਣਾ ਪੁਲ ਹੈੈ ਜਦ ਕਿ ਮੁੱਖ ਮਾਰਗ 6 ਮਾਰਗੀ ਹੈ ਅਤੇ 6 ਮਾਰਗੀ ਮਾਰਗ ’ਤੇ ਤੁਫ਼ਾਨੀ ਰਫ਼ਤਾਰ ਨਾਲ ਹੈਵੀ ਟ੍ਰੈਫਿਕ ਦੌੜਦਾ ਰਹਿੰਦਾ ਹੈ ਪਰ ਉਕਤ ਦਰਿਆ ’ਤੇ ਸਥਿਤ ਪੁਲ ’ਤੇ ਆ ਕੇ ਸੁਭਾਵਿਕ ਹੀ ਟ੍ਰੈਫਿਕ ਹੌਲੀ ਹੋਣ ਲਈ ਮਜ਼ਬੂਰ ਹੋ ਜਾਂਦਾ ਹੈ। ਸਤਲੁਜ ਪੁਲ ਨੇੜੇ ਹੀ ਲੁਧਿਆਣੇ ਵਾਲੇ ਪਾਸੇ ਲਾਢੋਵਾਲ ਟੋਲ ਪਲਾਜ਼ਾ ਸਥਿਤ ਹੈ, ਉਥੇ ਵੀ ਟ੍ਰੈਫਿਕ ਦੀ ਰਫ਼ਤਾਰ ਅਕਸਰ ਹੌਲੀ ਹੋ ਜਾਂਦੀ ਹੈ, ਜੇ ਲੁਧਿਆਣਾ-ਜਲੰਧਰ ਨੂੰ ਆਉਣ-ਜਾਣ ਵਾਲੇ 10-10 ਜਾਂ 12-12 ਗੇਟ ਬਣੇ ਹੋਏ ਹਨ ਤਾਂ ਪ੍ਰਬੰਧਕ ਪਤਾ ਨਹੀਂ ਕਿਉਂ ਕਈ ਵਾਰ ਕਈ ਗੇਟ ਬੰਦ ਕਰ ਦਿੰਦੇ ਹਨ, ਜਦ ਕਿ ਸੁਖਾਵਾਂ ਟ੍ਰੈਫਿਕ ਲੰਘਾਉਣ ਲਈ ਸਾਰੇ ਦੇ ਸਾਰੇ ਗੇਟ ਖੁੱਲੇ ਰੱਖਣੇ ਚਾਹੀਦੇ ਹਨ। ਕਾਬਲੇ ਗੌਰ ਹੈ ਕਿ ਰਾਹੋਂ-ਫਿਲੌਰ ਤੋਂ ਲੁਧਿਆਣੇ ਵੱਲ ਨੂੰ ਜਾਣ ਲਈ ਮੁੱਖ ਮਾਰਗ ’ਤੇ ਚੜ੍ਹਨ ਲਈ ਕੋਈ ਢੁਕਵਾਂ ਰਾਹ ਹੀ ਨਹੀਂ ਹੈ, ਸਾਰਾ ਟ੍ਰੈਫਿਕ ਗਲਤ ਢੰਗ ਨਾਲ ਉਲਟੇ ਪਾਸਿਉਂ ਸ਼ਰਧਾ ਰਾਮ ਫਿਲੌਰੀ ਚੌਂਕ ਤੋਂ ਜਲੰਧਰ ਵੱਲ ਨੂੰ ਸਰਵਿਸ ਲੇਨ ’ਤੇ ਵੇਰਕਾ ਮਿਲਕ ਬਾਰ ਤੱਕ ਜਾਂਦਾ ਹੈ ਅਤੇ ਉਥੋਂ ਸਾਰਾ ਟ੍ਰੈਫਿਕ ਖ਼ਤਰਾ ਮੁੱਲ ਲੈ ਕੇ ਮੁੱਖ ਮਾਰਗ ’ਤੇ ਚੜ੍ਹਦਾ ਹੈ, ਅਕਸਰ ਇਸ ਜਗਾਹ ਜਲੰਧਰ ਤੋਂ ਲੁਧਿਆਣੇ ਨੂੰ ਆਉਣ ਵਾਲਾ ਕੋੋਈ ਨਾ ਕੋਈ ਤੇਜ਼ ਰਫ਼ਤਾਰ ਵਾਹਨ ਫਿਲੌਰ ਤੋਂ ਮੁੱਖ ਮਾਰਗ ’ਤੇ ਚੜ੍ਹਨ ਵਾਲੇ ਵਾਹਨ ਨਾਲ ਟਕਰਾ ਜਾਂਦਾ ਹੈ ਅਤੇ ਖ਼ੌਫਨਾਕ ਹਾਦਸਾ ਵਾਪਰ ਜਾਂਦਾ ਹੈ, ਗੌਰਤਲਬ ਹੈ ਕਿ ਫਿਲੌਰ ’ਚ ਕੋਈ ਢੁਕਵਾਂ ਬੱਸ ਸਟੈਂਡ ਨਾ ਹੋਣ ਕਾਰਨ ਇਸੇ ਸਥਾਨ ’ਤੇ ਹੀ ਫਿਲੌਰ ਤੋਂ ਲੁਧਿਆਣੇ ਜਾਣ ਵਾਲੇ ਸੈਂਕੜੇ ਮੁਸਾਫਿਰ ਇਥੋਂ ਹੀ ਲੁਧਿਆਣੇ ਜਾਣ ਲਈ ਬੱਸ ਚੜ੍ਹਦੇ ਹਨ ਅਤੇ ਜਲੰਧਰ ਤੋਂ ਲੁਧਿਆਣੇ ਜਾਣ ਵਾਲੀਆਂ ਸਾਰੀਆਂ ਬੱਸਾਂ ਮੁੱਖ ਮਾਰਗ ’ਤੇ ਰੁਕਦੀਆਂ ਹਨ ਅਤੇ ਸਵਾਰੀਆਂ ਚੁੱਕਦੀਆਂ ਹਨ, ਇਸ ਕਰਕੇ ਜਲੰਧਰ ਤੋਂ ਆਉਣ ਵਾਲਾ ਤੇਜ਼ ਰਫ਼ਤਾਰ ਟ੍ਰੈਫਿਕ ਅਚਾਨਕ ਹੌਲੀ ਹੋ ਜਾਂਦਾ ਹੈ ਅਤੇ ਮੁੱਖ ਮਾਰਗ ’ਤੇ ਜਾਮ ਲੱਗ ਜਾਂਦਾ ਹੈ। ਮੁੱਖ ਮਾਰਗ ’ਤੇ ਲੱਗਦੇ ਲੰਬੇ ਜਾਮਾਂ ਦੀ ਸਮੱਸਿਆ ਨੂੰ ਲੈ ਕੇ ਫਿਲੌਰ ਦੇ ਸਮਾਜ ਸੇਵੀ ਐਡਵੋਕੇਟ ਚੇਤਨ ਚੌਧਰੀ ਅਤੇ ਉਨ੍ਹਾਂ ਦੇ ਸਾਥੀ ਐਡਵੋਕੇਟ ਮਨਪ੍ਰੀਤ ਸਿੰਘ ਚੱਡਾ ਨੇ ਦੇਸ਼ ਦੇ ਐੱਨ. ਐੱਚ. ਏ. ਆਈ. ਮੰਤਰੀ ਨਿਤਿਨ ਗਡਕਰੀ ਨੂੰ ਸਥਾਨਕ ਪ੍ਰਸ਼ਾਸਨ ਰਾਹੀਂ ਮੈਮੋਰੰਡਮ ਭੇਜਿਆ ਹੈ ਜਿਸ ਵਿਚ ਉਪਰੋਕਤ ਤਮਾਮ ਮੁਸ਼ਕਲਾਂ ਨੂੰ ਲੈ ਕੇ ਇਹ ਵੀ ਲਿਖਿਆ ਹੈ ਕਿ ਮੁੱਖ ਮਾਰਗ ਦੀ ਮੁਰੰਮਤ ਰਾਤ ਵੇਲੇ ਕੀਤੀ ਜਾਵੇ ਕਿਉਂਕਿ ਦਿਨ ਵੇਲੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਹੈ। ਉਨ੍ਹਾਂ ਮੈਮੋਰੰਡਮ ਦੀਆਂ ਕਾਪੀਆਂ ਮੁੱਖ ਮੰਤਰੀ ਪੰਜਾਬ, ਗਵਰਨਰ ਪੰਜਾਬ, ਡੀ.ਜੀ.ਪੀ. ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ, ਡੀ.ਸੀ. ਜਲੰਧਰ ਅਤੇ ਐੱਸ.ਡੀ.ਐੱਮ. ਫਿਲੌਰ ਨੂੰ ਵੀ ਮੇਲ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਕੁੱਝ ਹੀ ਦਿਨ ਪਹਿਲਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਫਿਲੌਰ ਆਏ ਸਨ, ਪੱਤਰਕਾਰਾਂ ਨੇ ਉਕਤ ਮਾਮਲਾ ਉਨ੍ਹਾਂ ਦੇ ਵੀ ਧਿਆਨ ਵਿਚ ਲਿਆਂਦਾ ਸੀ ਅਤੇ ਉਸ ਮੌਕੇ ਐਸ.ਡੀ.ਐਮ. ਫਿਲੌਰ ਤੇ ਡੀ.ਐਸ.ਪੀ. ਫਿਲੌਰ ਵੀ ਹਾਜ਼ਰ ਸਨ। ਐਡਵੋਕੇਟ ਚੇਤਨ ਚੌਧਰੀ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਚੱਡਾ ਨੇ ਐੱਨ.ਐੱਚ.ਏ.ਆਈ. ਮੰਤਰੀ ਤੋਂ ਉਚੇਚੇ ਤੌਰ ’ਤੇ ਮੰਗ ਕੀਤੀ ਹੈ ਕਿ ਲੋਕਾਂ ਨੂੰ ਲੰਬੇ ਜਾਮਾਂ ਤੋਂ ਬਚਾਉਣ ਅਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ ਤੇ ਮੁੱਖ ਮਾਰਗ ਦੀ ਰਿਪੇਅਰ ਦਾ ਵਕਤ ਦਿਨ ਦੀ ਬਜਾਏ ਰਾਤ ਦਾ ਕੀਤਾ ਜਾਵੇ, ਸਤਲੁਜ ਦਰਿਆ ’ਤੇ ਜਲਦੀ ਤੋਂ ਜਲਦੀ 6 ਮਾਰਗੀ ਨਵਾਂ ਪੁਲ ਬਣਾਇਆ ਜਾਵੇ ਅਤੇ ਲਾਢੋਵਾਲ ਟੋਲ ਪਲਾਜ਼ਾ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਟੋਲ ਦੇ ਸਾਰੇ ਗੇਟ ਹਰ ਵੇਲੇ ਖੋਲ ਕੇ ਰੱਖੇ ਤਾਂ ਕਿ ਜਾਮ ਨਾ ਲੱਗ ਸਕੇ ਅਤੇ ਫਿਲੌਰ ਤੋਂ ਲੁਧਿਆਣੇ ਜਾਣ ਲਈ ਜਲਦੀ ਤੋਂ ਜਲਦੀ ਕੋਈ ਢੁਕਵਾਂ ਰਾਹ ਬਣਾਇਆ ਜਾਵੇ।