03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

‘ਚਰਨ ਪਾਵਨ ਦਿਵਸ’ ਸੰਬੰਧੀ ਗੁਰਦੁਆਰਾ ਚਰਨ ਕੰਵਲ ਸਾਹਿਬ ਤੋਂ ਸਜਾਏ ਗਏ ਅਲੌਕਿਕ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ - (ਐੱਮ.ਐੱਸ. ਲੋਹੀਆ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪੁਰਾਤਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾਤਿਸ਼ਾਹੀ ਛੇਵੀਂ), ਬਸਤੀ ਸ਼ੇਖ ਦਰਵੇਸ਼, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਿਗੋਬਿੰਦ ਸਾਹਿਬ ਦੇ ਨਗਰ ’ਚ ਆਗਮਨ ਦੀ ਖੁਸ਼ੀ ਨੂੰ ‘ਚਰਨ ਪਾਵਨ ਦਿਵਸ’ ਦੇ ਰੂਪ ’ਚ ਮਨਾਉਂਦੇ ਹੋਏ, ਅੱਜ ਇਸ ਸੰਬੰਧੀ ਅਲੌਕਿਕ ਨਗਰ ਕੀਰਤਨ ਸਜਾਏ ਗਏ, ਜੋ ਸ਼ਾਮ ਸਮੇਂ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ, ਜਲੰਧਰ ਤੋਂ ਘਾਹ ਮੰਡੀ ਚੌਕ, ਨਿਹੰਗ ਨਿਵਾਸ ਮੁਹੱਲਾ ਕੋਟ ਬਾਜ਼ਾਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੋਟ ਬਾਜ਼ਾਰ, ਅੱਡਾ ਬਸਤੀ ਸ਼ੇਖ, ਵੱਡਾ ਬਜ਼ਾਰ ਤੋਂ ਹੁੰਦਾ ਹੋਇਆ, ਵਾਪਸ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ । ਨਗਰ ਕੀਰਤਨ ਅਗਵਾਈ ਕਰ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਫੁੱਲਾਂ ਅਤੇ ਲੜੀਆਂ ਨਾਲ ਸਜਾਇਆ ਗਿਆ, ਜਿਸ ਦੇ ਅੱਗੇ ਰਵਾਇਤੀ ਬਾਣੇ ’ਚ ਪੰਜ ਪਿਆਰੇ ਅਤੇ ਪੰਜ ਨਿਸ਼ਾਨੀ ਸਿੰਘ ਸ਼ੋਭਾ ਨੂੰ ਵਧਾ ਰਹੇ ਸਨ । ਨੌਜਵਾਨਾਂ ਬੀਬੀਆਂ ਅਤੇ ਵੀਰ ਅਤੇ ਬੱਚੇ ਪਾਲਕੀ ਸਾਹਿਬ ਦੇ ਰਸਤੇ ’ਚ ਪਾਣੀ ਦੀ ਵਾਛੜ ਕਰਦੇ ਹੋਏ ਸਫ਼ਾਈ ਕਰ ਰਹੇ ਸਨ, ਸਤਿਕਾਰ ਵਜੋਂ ਰਸਤੇ ’ਚ ਫੁੱਲਾਂ ਦੀ ਵਰਖਾ ਵੀ ਕੀਤੀ ਜਾ ਰਹੀ ਸੀ। ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਭਾਈ ਹਰਮੀਤ ਸਿੰਘ ਅਤੇ ਸਾਥੀਆਂ ਵਲੋਂ ਹਰਜਸ ਗਾਇਨ ਕੀਤਾ ਜਾ ਰਿਹਾ ਸੀ। ਜਥੇਦਾਰ ਭਵਨਜੀਤ ਸਿੰਘ ਦੀ ਸਰਪ੍ਰਸਤੀ ਹੇਠ ਸੰਤ-ਸਿਪਾਹੀ ਗਤਕਾ ਅਖਾੜਾ, ਮਿਸਲ ਸ਼ਹੀਦਾਂ, ਤਰਨਾ ਦੱਲ ਦੇ ਨੌਜਵਾਨ ਅਤੇ ਬੱਚਿਆਂ ਵਲੋਂ ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ’ਤੇ ਗਤਕੇ ਦੇ ਜੌਹਰ ਦਿਖਾਏ ਗਏ। ਸਕੂਲਾਂ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਦੇ ਦਸਤਿਆਂ ਨਾਲ ਸ਼ਮੂਲੀਅਤ ਕੀਤੀ ਗਈ। ਬੈਂਡ ਪਾਰਟੀਆਂ ਵਲੋਂ ਗੁਰਬਾਣੀ ਦੇ ਸ਼ਬਦਾਂ ਦੀਆਂ ਮਨਮੋਹਕ ਧੁਨਾਂ ਵਜਾਈਆਂ ਗਈਆਂ। ਇਸ ਤੋਂ ਇਲਾਵਾ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਪੁਰਾਤਨ ਸਮੇਂ ਦੇ ਸ਼ਹੀਦਾਂ ਅਤੇ ਸ਼ਹੀਦੀ ਸਾਕਿਆਂ ਦੀਆਂ ਝਾਕੀਆਂ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਸਨ। ਗੁਰਦੁਆਰਾ ਚਰਨ ਕੰਵਲ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਟੀਟੂ, ਹਰਜੀਤ ਸਿੰਘ ਬਾਬਾ, ਅਮਰਜੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ, ਤਰਲੋਚਨ ਸਿੰਘ ਛਾਬੜਾ, ਪ੍ਰਿਤਪਾਲ ਸਿੰਘ ਲੱਕੀ, ਗਗਨਦੀਪ ਸਿੰਘ ਨਾਰੰਗ, ਗੁਰਸਿਦਕ ਸਿੰਘ, ਸੁਖਵਿੰਦਰ ਸਿੰਘ ਅੱਲਗ, ਗੁਰਸ਼ਰਨ ਸਿੰਘ ਸ਼ੰਨੂ, ਮਾਸਟਰ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਸਾਬੀ, ਕੁਲਵੰਤ ਸਿੰਘ ਕੋਚਰ, ਜਸਪ੍ਰੀਤ ਸਿੰਘ ਹਨੀ ਅਤੇ ਹੋਰਾਂ ਨੇ ਨਗਰ ਕੀਰਤਨ ਦੌਰਾਨ ਸਹਿਯੋਗ ਕਰਨ ਵਾਲੇ ਪ੍ਰਬੰਧਕਾਂ, ਜਥਿਆਂ ਅਤੇ ਸਹਿਯੋਗੀ ਦਾ ਧੰਨਵਾਦ ਵਜੋਂ ਸਨਮਾਨ ਕੀਤਾ। ਨਗਰ ਕੀਰਤਨ ਦੇ
ਰਸਤੇ ’ਚ ਗੁਰਮੁੱਖ ਪਰਿਵਾਰਾਂ ਅਤੇ ਜਥੇਬੰਦੀਆਂ ਵਲੋਂ ਸੰਗਤ ਲਈ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਨੇ ਲਗਾਇਆ ਲੰਗਰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਜਲੰਧਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਵਲੋਂ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤ ਲਈ ਲੰਗਰ ਲਗਾਇਆ ਗਿਆ, ਜਿਸ ਦੇ ਪ੍ਰਬੰਧਾਂ ’ਚ ਕੰਵਲਜੀਤ ਸਿੰਘ ਕੋਛੜ, ਜੁਗਿੰਦਰ ਸਿੰਘ ਗੁੰਬਰ, ਜਸਪ੍ਰੀਤ ਸਿੰਘ ਸੇਠੀ, ਪਰਮਿੰਦਰ ਸਿੰਘ (ਕਪੂਰਥਲਾ ਗਰੁੱਪ), ਕੁਲਤਾਰਨ ਸਿੰਘ ਅਨੰਦ, ਐੱਚ. ਐੱਸ. ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ, ਮਨਮੀਤ ਸਿੰਘ ਸੋਢੀ ਅਤੇ ਹੋਰ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੀ ਪ੍ਰਬੰਧਕ ਕਮੇਟੀ ਨੇ ਕੀਤਾ ਸਵਾਗਤ
ਨਗਰ ਕੀਰਤਨ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਪੁੱਜਣ ’ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਦੇ ਨਾਲ ਜਨਰਲ ਸਕੱਤਰ ਗੁਰਮੀਤ ਸਿੰਘ, ਖਜ਼ਾਨਚੀ ਜਗਜੀਤ ਸਿੰਘ, ਪਰਮਜੀਤ ਸਿੰਘ ਨੈਨਾ ਅਤੇ ਹੋਰਾਂ ਵਲੋਂ ਨਗਰ ਕੀਰਤਨ ’ਚ ਸ਼ਾਮਿਲ ਸੰਗਤ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਾਲਕੀ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕੀਤਾ। ਪ੍ਰਬੰਧਕਾਂ ਨੇ ਸੰਗਤ ਲਈ ਚਾਹ ਮਠਿਆਈ ਆਦਿ ਦੇ ਲੰਗਰ ਵੀ ਲਗਾਏ।
Ad Position 22
No active advertisement
ਪਿਛਲੀ ਖ਼ਬਰ ਐੱਲ. ਏ. ਡੀ. ਸੀ. ਨੀਤੀ ਦੇ ਵਿਰੋਧ ’ਚ ਵਕੀਲਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ ਅਗਲੀ ਖ਼ਬਰ ਭਾਰਤ ਵਲੋਂ ਸੰਯੁਕਤ ਰਾਸ਼ਟਰ ’ਚ ਸਰਹੱਦ ਪਾਰ ਅੱਤਵਾਦ ’ਤੇ ਪਾਕਿਸਤਾਨ ਦੀ ਆਲੋਚਨਾ, ਕਿਹਾ, ਕਸ਼ਮੀਰ ਭਾਰਤ ਦਾ ਅਨਿੱਖੜਵਾਂ...
Ad Position 24
No active advertisement