ਜਲੰਧਰ, 23 ਜੁਲਾਈ (ਸ਼ਿਵ)- ਆਪਣੀਆਂ ਮੰਗਾਂ ਨੂੰ ਲੈ ਅਲੱਗ-ਅਲੱਗ ਬਿਜਲੀ ਕਰਮਚਾਰੀਆਂ ਦੀਆਂ ਜਥੇਬੰਦੀਆਂ ਹੜਤਾਲ ’ਤੇ ਚੱਲ ਰਹੀਆਂ ਹਨ ਜਿਸ ਕਰਕੇ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਕਰਮਚਾਰੀਆਂ ਵਲੋਂ ਦੋ ਰੋਜ਼ਾ ਹੜਤਾਲ ਵਧਾ ਕੇ 24 ਤੱਕ ਹੜਤਾਲ ਕਰ ਦਿੱਤੀ ਗਈ ਸੀ ਪਰ ਅਜੇ ਵੀ ਇਸ ਤਰਾਂ ਦੀ ਸ਼ੰਕਾ ਹੈ ਕਿ ਜੇਕਰ ਸਰਕਾਰ ਅਤੇ ਜਥੇਬੰਦੀਆਂ ਵਿਚਕਾਰ ਗੱਲਬਾਤ ਨਹੀਂ ਹੁੰਦੀ ਜਾਂ ਸਿਰੇ ਨਹੀਂ ਚੜ੍ਹਦੀ ਤਾਂ ਆਉਣ ਵਾਲੇ ਦਿਨਾਂ ਵਿਚ ਬਿਜਲੀ ਸਿਸਟਮ ’ਤੇ ਇਸ ਦਾ ਭਾਰੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਅਜੇ ਤੱਕ ਤਾਂ ਸਰਕਾਰੀ ਬਿਜਲੀ ਕਰਮਚਾਰੀਆਂ ਦੀ ਵੱਡੀ ਗਿਣਤੀ ਹੜਤਾਲ ’ਤੇ ਸੀ। ਇਨ੍ਹਾਂ ਵਿਚ ਫ਼ੀਲਡ ਵਿਚ ਕੰਮ ਕਰਨ ਵਾਲਿਆਂ ਤੋਂ ਇਲਾਵਾ ਦਫ਼ਤਰਾਂ ਦੇ ਜ਼ਿਆਦਾਤਰ ਕਰਮਚਾਰੀ ਵੀ ਹੜਤਾਲ ’ਤੇ ਸੀ ਸਗੋਂ ਸਬ-ਸਟੇਸ਼ਨਾਂ ਨੂੰ ਵੀ ਹੁਣ ਐਕਸੀਅਨ ਅਤੇ ਐੱਸ. ਡੀ. ਓ. ਪੱਧਰ ਤੱਕ ਦੇ ਅਫ਼ਸਰ ਕੰਮ ਚਲਾ ਰਹੇ ਹਨ। ਬੀਤੀ ਰਾਤ 12 ਵਜੇ ਤੋਂ ਆਉੂਟਸੋਰਸ ਕਰਮਚਾਰੀਆਂ ਦੇ ਹੜਤਾਲ ’ਤੇ ਚਲੇ ਜਾਣ ਤੋਂ ਬਾਅਦ ਹੁਣ ਦਫ਼ਤਰਾਂ ਵਿਚ ਵੀ ਜ਼ਿਆਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਬਿਲ ਜਮਾਂ ਕਰਵਾਉਣ ਵਾਲੇ ਕਾਊਂਟਰਾਂ ਦੇ ਬੰਦ ਹੋਣ ਕਰਕੇ ਕਈ ਲੋਕਾਂ ਦੇ ਬਿਜਲੀ ਦੇ ਬਿੱਲ ਜਮਾਂ ਨਹੀਂ ਹੋਏ ਤੇ ਕਈਆਂ ਨੂੰ ਤਾਂ ਜੁਰਮਾਨੇ ਪੈ ਗਏ ਹਨ। ਕਈ ਲੋਕ ਆਨਲਾਈਨ ਬਿੱਲਾਂ ਦੀ ਅਦਾਇਗੀ ਨਹੀਂ ਕਰ ਸਕਦੇ ਤਾਂ ਉਨਾਂ ਨੂੰ ਬਿੱਲ ਜਮਾਂ ਕਰਵਾਉਣ ਲਈ ਕਾਫੀ ਮੁਸ਼ਕਲ ਆਈ ਹੈ। ਪਾਵਰਕਾਮ ਸਾਹਮਣੇ ਲੰਬੇ ਸਮੇਂ ਬਾਅਦ ਕਰਮਚਾਰੀਆਂ ਦੀ ਹੜਤਾਲ ਕਰਕੇ ਐਨੀ ਵੱਡੀ ਮੁਸ਼ਕਲ ਆਈ ਹੈ ਜਦੋਂ ਕਾਫੀ ਕਰਮਚਾਰੀ ਹੜਤਾਲ ’ਤੇ ਚਲੇ ਗਏ ਹੋਣ।ਇਕ ਜਾਣਕਾਰੀ ਮੁਤਾਬਕ ਬਾਦਸ਼ਾਹਪੁਰ ਦੇ ਫੀਡਰਾਂ ਵਿਚ ਵੀ ਖ਼ਰਾਬੀ ਆਈ ਸੀ। ਇਸ ਬਰਸਾਤੀ ਮੌਸਮ ਵਿਚ ਪਾਵਰਕਾਮ ਲਈ ਬਿਜਲੀ ਸਪਲਾਈ ਰੱਖਣੀ ਵੀ ਵੱਡੀ ਚੁਨੌਤੀ ਬਣੀ ਹੋਈ ਹੈ ਕਿਉਂਕਿ ਬਿਜਲੀ ਸ਼ਿਕਾਇਤਾਂ ਨੂੰ ਠੀਕ ਕਰਵਾਉਣ ਲਈ ਕਰਮਚਾਰੀਆਂ ਦੀ ਵੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ । ਪਾਵਰਕਾਮ ਨੂੰ ਇਨ੍ਹਾਂ ਦਿਨਾਂ ਵਿਚ ਇਸ ਕਰਕੇ ਵੀ ਰਾਹਤ ਮਿਲੀ ਹੈ ਕਿਉਂਕਿ ਮੀਂਹ ਪੈਣ ਕਰਕੇ ਮੌਸਮ ਵੀ ਠੰਢਾ ਹੋ ਗਿਆ ਹੈ ਤਾਂ ਇਸ ਨਾਲ ਬਿਜਲੀ ਸ਼ਿਕਾਇਤਾਂ ਵਿਚ ਮਾਮੂਲੀ ਕਮੀ ਆਈ ਹੈ।