ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸੁਰੱਖਿਆ ਹੁਣ ਰੱਬ ਆਸਰੇ ਇੱਕ ਹਫ਼ਤੇ ਬਾਅਦ ਵੀ ਨਹੀਂ ਚੱਲੇ ਸਾਮਾਨ ਦੀ ਜਾਂਚ ਕਰਨ ਵਾਲੇ ਮੈਟਲ ਡਿਟੈਕਟਰ
ਅਜੀਤ ਡੈਸਕ
24-07-2026
ਯਾਤਰੀਆਂ ਤੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਲਈ ਨਹੀਂ ਚੱਲੇ ਮੈਟਲ ਡਿਟੈਕਟਰ
ਇਸ ਦੇ ਨਾਲ ਹੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕਰਨ ਲਈ ਲਾਏ ਗਏ ਆਧੁਨਿਕ ਮੈਟਲ ਡਿਟੈਕਟਰ ਤੱਕ ਚਾਲੂ ਨਹੀਂ ਕੀਤੇ ਗਏ ਤੇ ਸਟੇਸ਼ਨ ਦੇ ਦੋਵੇਂ ਹੀ ਗੇਟਾਂ ਦੇ ਐਂਟਰੀ ਗੇਟਾਂ ’ਤੇ ਯਾਤਰੀਆਂ ਦੀ ਜਾਂਚ ਕਰਨ ਲਈ ਕੋਈ ਵੀ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਕੀਤੇ ਗਏ ।
ਛਾਉਣੀ ਸਟੇਸ਼ਨ ’ਤੇ ਥਾਂ ਥਾਂ ਘੁੰਮ ਰਹੇ ਕੁੱਤੇ
ਲੋਕਾਂ ਵਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਅੱਜ ਜਦੋਂ ਅਜੀਤ ਦੀ ਟੀਮ ਵਲੋਂ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਛਾਉਣੀ ਰੇਲਵੇ ਸਟੇਸ਼ਨ ’ਚ ਯਾਤਰੀਆਂ ਦੇ ਬੈਠਣ ਵਾਲੀ ਥਾਂ ਨੇੜੇ ਲਾਵਾਰਸ ਕੁੱਤੇ ਘੁੰਮ ਰਹੇ ਸਨ ਜੋ ਕਿ ਕਿਸੇ ਵੀ ਸਮੇਂ ਯਾਤਰੀਆਂ ਅਤੇ ਖਾਸ ਤੌਰ ’ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਸਨ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਘੁੰਮ ਰਹੇ ਇਨ੍ਹਾਂ ਲਾਵਾਰਸ ਕੁੱਤਿਆਂ ਕਾਰਨ ਯਾਤਰੀਆਂ ਨੂੰ ਆ ਰਹੀ ਸਮੱਸਿਆ ਦਾ ਕੋਈ ਠੋਸ ਹੱਲ੍ਹ ਕੱਢਿਆ ਜਾਵੇ।
ਪੀਣ ਵਾਲੇ ਪਾਣੀ ਨੂੰ ਤਰਸ ਰਹੇ ਲੋਕ
ਇਸ ਦੌਰਾਨ ਹੀ ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਪੀਣ ਵਾਲੇ ਪਾਣੀ ਦੀ ਟੈਂਕੀ ’ਚ ਪਾਣੀ ਨਾਂ ਹੋਣ ਕਾਰਨ ਅੱਜ ਸਾਰਾ ਦਿਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ ਤੇ ਕਈ ਯਾਤਰੀ ਪਾਣੀ ਦੀ ਤਲਾਸ਼ ’ਚ ਇੱਧਰੋਂ ਉੱਧਰ ਭਟਕਦੇ ਹੋਏ ਨਜ਼ਰ ਆਏ। ਯਾਤਰੀਆਂ ਨੇ ਰੇਲ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਕਰੋੜਾਂ ਰੁਪਏ ਲਾਉਣ ਦਾ ਕੀ ਫਾਇਦਾ ਜੇਕਰ ਗਰਮੀਆਂ ਦੇ ਦਿਨਾਂ ’ਚ ਲੋਕਾਂ ਨੂੰ ਪੀਣ ਵਾਲਾ ਪਾਣੀ ਹੀ ਨਾਂ ਮਿਲ ਸਕਿਆ।
ਥਾਂ ਥਾਂ ਲੱਗੇ ਕੂੜੇ ਦੇ ਢੇਰ ਤੇ ਫੈਲੀ ਗੰਦਗੀ
ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਵੱਖ ਵੱਖ ਹਿੱਸਿਆ ’ਚ ਦੇਖਣ ਨੂੰ ਮਿਲਿਆ ਕਿ ਇਸ ਸਟੇਸ਼ਨ ਦੇ ਕਈ ਹਿੱਸਿਆਂ ’ਚ ਗੰਦਗੀ ਦੇ ਢੇਰ ਲੱਗੇ ਹੋਏ ਸਨ ਤੇ ਸਭ ਤੋਂ ਹੈਰਾਨ ਕਰਨ ਵਾਲੀ ਇਹ ਵੀ ਗੱਲ ਸੀ ਕਿ ਪਾਨ-ਸੁਪਾਰੀ ਖਾਨ ਵਾਲੇ ਲੋਕਾਂ ਵਲੋਂ ਸਟੇਸ਼ਨ ਦੇ ਵੱਖ ਵੱਖ ਹਿੱਸਿਆਂ ’ਤੇ ਥੁੱਕ ਸੁੱਟ ਕੇ ਉਸ ਨੂੰ ਗੰਦਾ ਕੀਤਾ ਗਿਆ ਸੀ, ਜਿਸ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਵੀ ਰੇਲ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਸਵਾਲੀਆ ਨਿਸ਼ਾਨ ਲਗਦੇ ਹੋਏ ਨਜ਼ਰ ਆ ਰਹੇ ਹਨ।
ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵੀ ਯਾਤਰੀ ਪ੍ਰੇਸ਼ਾਨ
ਇੱਥੇ ਦੱਸਣਯੋਗ ਹੈ ਕਿ ਬਰਸਾਤ ਦੇ ਦਿਨ ਹੋਣ ਕਾਰਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਕਈ ਹਿੱਸਿਆਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਨਾਂ ਹੋਣ ਕਾਰਨ ਅੱਜ ਸਾਰਾ ਦਿਨ ਹੀ ਬਰਸਾਤ ਦਾ ਪਾਣੀ ਕਈ ਥਾਵਾਂ ’ਤੇ ਖੜ੍ਹਾ ਰਿਹਾ, ਜਿਸ ਕਾਰਨ ਇਸ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਕਈ ਯਾਤਰੀਆਂ ਨੂੰ ਬਰਸਾਤ ਦੇ ਪਾਣੀ ’ਚੋਂ ਨਿਕਲਣ ਲਈ ਮਜਬੂਰ ਹੋਣਾ ਪਿਆ। ਇਸ ਤਰ੍ਹਾਂ ਦਾ ਹੀ ਨਜ਼ਾਰਾ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਦਕੋਹਾ ਖੇਤਰ ਵਾਲੀ ਰੋਡ ਨੇੜੇ ਐਂਟਰੀ ਗੇਟ ਦੇ ਬਾਹਰ ਦੇਖਣ ਨੂੰ ਮਿਲਿਆ ਜਿੱਥੇ ਬਰਸਾਤ ਦਾ ਪਾਣੀ ਖੜ੍ਹਾ ਹੋਣ ਕਾਰਨ ਇਸ ਗੇਟ ਤੋਂ ਨਿਕਲਣ ਵਾਲੇ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨ ਹੋਣਾ ਪਿਆ ਤੇ ਖਾਸ ਤੌਰ ’ਤੇ ਦੋਪਹਿਆ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਸੜਕ ਕਿਨਾਰੇ ਹੀ ਪਾਰਕ ਕਰਨੇ ਪਏ। ਹੁਣ ਦੇਖਣਾ ਇਹ ਹੈ ਕਿ ਕਰੋੜੁਾਂ ਰੁਪਏ ਦੀ ਲਾਗਤ ਨਾਲ ਮੁੜ ਤਿਆਰ ਕੀਤੇ ਗਏ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸਾਂਭ ਸੰਭਾਲ ਵੱਲ ਰੇਲ ਪ੍ਰਸ਼ਾਸਨ ਕੋਈ ਗੰਭੀਰਤਾ ਦਿਖਾਏਗਾ ਜਾ ਸਟੇਸ਼ਨ ’ਤੇ ਆਉਣ ਵਾਲੇ ਯਾਤਰੀਆਂ ਨੂੰ ਇਸ ਤਰ੍ਹਾਂ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ।