ਜਲੰਧਰ ਜਿਮਖਾਨਾ ਕਲੱਬ ਦੀ ਏ. ਜੀ. ਐਮ. ਅੱਜ-ਕੀਤਾ ਜਾ ਸਕਦੈ ਚੋਣਾਂ ਦਾ ਐਲਾਨ
ਅਜੀਤ ਡੈਸਕ
01-08-2026
ਕੀ ਵਾਕਿਆ ਹੀ ਅਚੀਵਰਸ ਤੇ ਪ੍ਰੋਗਰੈਸਿਵ ਗਰੁੱਪ ’ਚ ਬਣ ਚੁੱਕੀ ਹੈ ਆਪਸੀ ਸਹਿਮਤੀ ?
ਜਿਮਖਾਨਾ ਕਲੱਬ ਦੀਆਂ ਹੋਣ ਜਾ ਰਹੀਆਂ ਚੋਣਾਂ ’ਚ ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਸਹਿਮਤੀ ਦੀ ਚੱਲ ਰਹੀ ਚਰਚਾ ਨਾਲ ਅਚੀਵਰਸ ਗਰੁੱਪ ਦਾ ਪੱਲੜਾ ਭਾਰੀ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਵਾਰ ਜਿਮਖਾਨਾ ਕਲੱਬ ’ਤੇ ਅਚੀਵਰਸ ਗਰੁੱਪ ਦਾ ਕਾਬਜ਼ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਚੀਵਰਸ ਗਰੁੱਪ ਵਲੋਂ ਆਪਣੇ ਚਾਰੇ ਪ੍ਰਮੁੱਖ ਅਹੁਦਿਆਂ ’ਤੇ ਉਮੀਦਵਾਰਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਵਲੋਂ ਲਗਭਗ ਇਨ੍ਹਾਂ ਮੈਂਬਰਾਂ ਦੇ ਨਾਵਾਂ ’ਤੇ ਆਪਣੀ ਸਹਿਮਤੀ ਦੇ ਦਿੱਤੀ ਗਈ ਹੈ। ਪਰ ਦਿਲਚਸਪ ਗੱਲ ਇਹ ਹੈ ਕਿ 4500 ਦੇ ਕਰੀਬ ਮੈਂਬਰਾਂ ਵਾਲੇ ਜਿਮਖਾਨਾ ਕਲੱਬ ’ਚ ਬੇਸ਼ੱਕ ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪਾਂ ਵਿਚਾਲੇ ਸਹਿਮਤੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਕੋਈ ਤੀਸਰਾ ਗਰੁੱਪ ਅਚੀਵਰਸ ਗਰੁੱਪ ਦੀ ਬਣਾਈ ਖੇਡ ਨੂੰ ਵਿਗਾੜ ਸਕਦਾ ਹੈ ਤੇ ਇਸ ਕੰਮ ’ਚ ਪ੍ਰੋਗਰੈਸਿਵ ਗਰੁੱਪ ਦੇ ਹੀ ਕੁੱਝ ਮੈਂਬਰ ਇਸ ਤੀਸਰੇ ਗਰੁੱਪ ਨੂੰ ਅੰਦਰਖਾਤੇ ਸਮਰਥਨ ਦੇ ਸਕਦੇ ਹਨ। ਓਧਰ ਪ੍ਰੋਗਰੈਸਿਵ ਗਰੁੱਪ ਦੇ ਇਸ ਤਰ੍ਹਾਂ ਚੋਣਾਂ ਲੜਨ ਤੋਂ ਪਿੱਛੇ ਹਟ ਜਾਣ ਅਤੇ ਅਚੀਵਰਸ ਗਰੁੱਪ ਨਾਲ ਸਮਝੌਤਾ ਕਰ ਲੈਣ ਪਿੱਛੇ ਸੱਤਾਧਾਰੀ ਧਿਰ ਦੇ ਇਕ ਪ੍ਰਮੁੱਖ ਆਗੂ ਦੀ ਭੂਮਿਕਾ ਨੂੰ ਦੱਸਿਆ ਜਾ ਰਿਹਾ ਹੈ ਤੇ ਇਸ ਆਗੂ ਵਲੋਂ ਅਚੀਵਰਸ ਗਰੁੱਪ ਦਾ ਸਾਥ ਦਿੱਤੇ ਜਾਣ ਨਾਲ ਪ੍ਰੋਗਰੈਸਿਵ ਗਰੁੱਪ ਨੇ ਇਸ ਵਾਰ ਪਿੱਛੇ ਹਟਣਾ ਹੀ ਬਿਹਤਰ ਸਮਝਿਆ ਹੈ। ਇਸ ਦੀ ਪੁਸ਼ਟੀ ਪ੍ਰੋਗਰੈਸਿਵ ਗਰੁੱਪ ਦੇ ਇਕ ਪ੍ਰਮੁੱਖ ਮੈਂਬਰ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਚੀਵਰਸ ਗਰੁੱਪ ਨਾਲ ਲਗਭਗ ਸਹਿਮਤੀ ਬਣ ਚੁੱਕੀ ਹੈ ਪਰ ਅੰਦਰਖਾਤੇ ਹੋਰ ਹੀ ਖਿਚੜੀ ਪੱਕਣ ਦੀ ਵੀ ਖੁਸ਼ਬੂ ਆਉਣ ਨਾਲ ਜਿਮਖਾਨਾ ਕਲੱਬ ਦੀਆਂ ਚੋਣਾਂ ਕਾਫੀ ਦਿਲਚਸਪ ਹੋ ਸਕਦੀਆਂ ਹਨ।
ਅਨੂੰ ਮਾਟਾ ਚੋਣ ਲੜਨ ’ਤੇ ਅੜੀ
ਓਧਰ ਹਾਲਾਂਕਿ ਅਚੀਵਰਸ ਤੇ ਪ੍ਰੋਗਰੈਸਿਵ ਗਰੁੱਪਾਂ ਵਿਚਾਲੇ ਆਪਸੀ ਸਹਿਮਤੀ ਦੀ ਚਰਚਾ ਚੱਲ ਰਹੀ ਹੈ ਪਰ ਇਸ ਦੌਰਾਨ ਪ੍ਰੋਗਰੈਸਿਵ ਗਰੁੱਪ ਨਾਲ ਸੰਬੰਧਿਤ ਕਲੱਬ ਦੀ ਮੌਜੂਦਾ ਜੁਆਇੰਟ ਸੈਕਟਰੀ ਸ੍ਰੀਮਤੀ ਅਨੂੰ ਮਾਟਾ ਨੇ ਸਾਫ ਕਿਹਾ ਹੈ ਕਿ ਉਹ ਹਰ ਹਾਲ ’ਚ ਜੁਆਇੰਟ ਸੈਕਟਰੀ ਦੀ ਚੋਣ ਲੜੇਗੀ ਤੇ ਜੇਕਰ ਉਹ ਚੋਣ ਮੈਦਾਨ ’ਚ ਉਤਰਦੇ ਹਨ ਤਾਂ ਦੋਵਾਂ ਗਰੁੱਪਾਂ ਵਿਚਾਲੇ ਹੋਈ ਆਪਸੀ ਸਹਿਮਤੀ ਦੇ ਯਤਨਾਂ ਨੂੰ ਵੀ ਢਾਅ ਲੱਗ ਸਕਦੀ ਹੈ। ਦੱਸਣਯੋਗ ਹੈ ਕਿ ਅਨੂੰ ਮਾਟਾ ਇਕੋ ਇਕੋ ਇਕ ਮਹਿਲਾ ਅਹੁਦੇਦਾਰ ਹਨ ਤੇ ਇਸ ਤੋਂ ਪਹਿਲਾਂ ਉਹ ਪੰਜ ਵਾਰ ਐਗਜ਼ੈਕਟਿਵ ਕਮੇਟੀ ਦੀ ਚੋਣ ਵੀ ਜਿੱਤੇ ਚੁੱਕੇ ਹਨ।
ਵਿਜੇ ਸਹਿਦੇਵ ਦੇ ਵੀਡੀਓ ਸੰਦੇਸ਼ ਨੇ ਮਚਾਈ ਤਰਥਲੀ
ਇਸ ਦੌਰਾਨ ਕਲੱਬ ਦੇ ਮੈਂਬਰ ਵਿਜੇ ਸਹਿਦੇਵ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਕਲੱਬ ਅੰਦਰ ਤਰਥਲੀ ਮਚਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਅਚੀਵਰਸ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਸਹਿਮਤੀ ਦੀ ਚਰਚਾ ਚੱਲ ਰਹੀ ਹੈ ਪਰ ਕਲੱਬ ਅੰਦਰ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਅਤੇ ਮਜ਼ਬੂਤ ਬਣਾਉਣ ਲਈ ਕਲੱਬ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤੇ ਸਾਰੇ ਕਲੱਬ ਮੈਂਬਰਾਂ ਨੂੰ ਇਨ੍ਹਾਂ ਚੋਣਾਂ ’ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਕਲੱਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਵਿਦਾਇਗੀ ਪਾਰਟੀ
ਜਿਮਖਾਨਾ ਕਲੱਬ ਦੀ ਮੌਜੂਦਾ ਪ੍ਰਬੰਧਕੀ ਕਮੇਟੀ ਦਾ ਕਾਰਜਕਾਲ ਪਹਿਲੀ ਅਗਸਤ ਨੂੰ ਸਮਾਪਤ ਹੋਣ ਜਾ ਰਿਹਾ ਹੈ ਤੇ ਇਸ ਸੰਬੰਧੀ ਅੱਜ ਕਲੱਬ ਦੇ ਸਮੂਹ ਸਟਾਫ ਵਲੋਂ ਪ੍ਰਬੰਧਕੀ ਕਮੇਟੀ ਨੂੰ ਇਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕਲੱਬ ਦੇ ਸਟਾਫ ਨੇ ਕਲੱਬ ਕਮੇਟੀ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੈਕਟਰੀ ਸੰਦੀਪ ਬਹਿਲ ਕੁੱਕੀ, ਮੀਤ ਪ੍ਰਧਾਨ ਅਮਿਤ ਕੁਕਰੇਜਾ, ਸੌਰਭ ਖੁੱਲ੍ਹਰ ਖਜ਼ਾਨਚੀ, ਜੁਆਇੰਟ ਸੈਕਟਰੀ ਅਨੂੰ ਮਾਟਾ, ਸ਼ਾਲਿਨੀ ਕਾਲੜਾ, ਬਿੰਨੀ ਧਵਨ, ਹਰਪ੍ਰੀਤ ਸਿੰਘ ਗੋਲਡੀ, ਰਾਜੀਵ ਬਾਂਸਲ, ਨਿਤਿਨ ਬਹਿਲ, ਅਤੁਲ ਤਲਵਾੜ, ਸ਼ਾਲੀਨ ਜੋਸ਼ੀ ਤੋਂ ਇਲਾਵਾ ਕਲੱਬ ਵਰਕਰ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ, ਸੈਕਟਰੀ ਸ਼ਿਵ ਕੁਮਾਰ, ਮਹੇਸ਼ ਕੁਮਾਰ, ਅਨੁਜ ਪੂਰਣ, ਵਿਜੇ ਪਾਲ, ਅਮਰਜੀਤ ਤੇ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਸਨ।
ਅਚੀਵਰਜ਼ ਗਰੁੱਪ ਵਲੋ ਐਲਾਨੇ ਉਮੀਦਵਾਰ
ਸੈਕਟਰੀ-ਅਮਿਤ ਕੁਕਰੇਜਾ
ਜੂਨੀਅਰ ਮੀਤ ਪ੍ਰਧਾਨ-ਧੀਰਜ ਸੇਠ
ਜੁਆਇੰਟ ਸੈਕਟਰੀ-ਹਰਪ੍ਰੀਤ ਸਿੰਘ ਗੋਲਡੀ
ਖਜ਼ਾਨਚੀ-ਸੌਰਭ ਖੁੱਲਰ