ਵਿਕਾਸ ਪੁਰੀ ਤੇ ਟੀ . ਵੀ . ਸੈਂਟਰ ਸਾਹਮਣੇ ਬੰਦ ਹੋਣਗੇ ਕੂੜੇ ਦੇ ਡੰਪ ਡੰਪ ਬੰਦ ਹੋਣ ਨਾਲ ਸੈਂਕੜੇ ਲੋਕਾਂ, ਬੱਚਿਆਂ ਨੂੰ ਮਿਲੇਗੀ ਰਾਹਤ
ਜਲੰਧਰ, 2 ਅਗਸਤ (ਸ਼ਿਵ)- ਨਗਰ ਨਿਗਮ ਨੇ ਸ਼ਹਿਰ ਵਿਚ ਕਈ ਪ੍ਰਮੁੱਖ ਥਾਵਾਂ ਤੋਂ ਅਹਿਮ ਡੰਪਾਂ ਨੂੰ ਬੰਦ ਕਰਨ ਤੋਂ ਬਾਅਦ ਟੀ. ਵੀ.
ਜਲੰਧਰ, 2 ਅਗਸਤ (ਸ਼ਿਵ)- ਨਗਰ ਨਿਗਮ ਨੇ ਸ਼ਹਿਰ ਵਿਚ ਕਈ ਪ੍ਰਮੁੱਖ ਥਾਵਾਂ ਤੋਂ ਅਹਿਮ ਡੰਪਾਂ ਨੂੰ ਬੰਦ ਕਰਨ ਤੋਂ ਬਾਅਦ ਟੀ. ਵੀ. ਸੈਂਟਰ ਦੇ ਸਾਹਮਣੇ ਅਤੇ ਕੇ. ਐਮ. ਵੀ. ਕਾਲਜ ਰੋਡ ’ਤੇ ਵਿਕਾਸ ਪੁਰੀ ਡੰਪ ਨੂੰ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇਕਰ ਵਿਕਾਸ ਪੁਰੀ ਦਾ ਡੰਪ ਆਪਣੀ ਮੌਜੂਦਾ ਜਗਾ ਤੋਂ ਬੰਦ ਹੁੰਦਾ ਹੈ ਤਾਂ ਇਸ ਨਾਲ ਸੈਂਕੜੇ ਬੱਚਿਆਂ, ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਵਿਕਾਸ ਪੁਰੀ ਦਾ ਡੰਪ ਇਸ ਜਗਾ ’ਤੇ ਬਣਾਇਆ ਗਿਆ ਹੈ ਜਿਸ ਦੇ ਨਾਲ ਨਾ ਸਿਰਫ਼ ਬੱਚਿਆਂ ਦੇ ਸਕੂਲ ਹਨ ਸਗੋਂ ਉਹ ਦੋਆਬਾ ਚੌਕ ਦੇ ਬਿਲਕੁਲ ਨੇੜੇ ਹਨ। ਇਸ ਰਸਤੇ ’ਤੇ ਅਕਸਰ ਹੀ ਰਾਜਪਾਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਲੰਘਦੀਆਂ ਰਹੀਆਂ ਹਨ ਸਗੋਂ ਇਸ ਡੰਪ ਤੋਂ ਥੋੜ੍ਹੀ ਦੂਰ ਹੀ ਉੱਤਰੀ ਭਾਰਤ ਦਾ ਪ੍ਰਸਿੱਧ ਸਿੱਧ ਸ਼ਕਤੀ ਪੀਠ ਸ੍ਰੀ ਦੇਵੀ ਤਾਲਾਬ ਮੰਦਿਰ ਹੈ। ਵਿਕਾਸ ਪੁਰੀ ਡੰਪ ਨੂੰ ਬੰਦ ਕਰਨ ਦੀ ਮੰਗ ਵਾਰਡ ਕੌਂਸਲਰ ਰਾਜੇਸ਼ ਠਾਕੁਰ ਵਲੋਂ ਉਠਾਈ ਗਈ ਸੀ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਲੰਧਰ ਫੇਰੀ ਦੌਰਾਨ ਇਹ ਮਸਲਾ ਉਠਾ ਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਹਦਾਇਤ ਦਿੱਤੀ ਸੀ। ਮੁੱਖ ਮੰਤਰੀ ਦੀ ਹਦਾਇਤ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਉਸ ਤੋਂ ਬਾਅਦ ਹੀ ਇਸ ਦੀ ਜਗਾ ਤਬਦੀਲ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਂਜ ਇਸ ਡੰਪ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਐਨ. ਜੀ. ਟੀ. ਵਿਚ ਵੀ ਮਾਮਲੇ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਤੇ ਇਲਾਕੇ ਦੇ ਲੋਕ ਵੀ ਇਸ ਨੂੰ ਬੰਦ ਕਰਵਾਉਣ ਲਈ ਕਈ ਬਾਰ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਚੇਤੇ ਰਹੇ ਕਿ ਇਸ ਡੰਪ ਕੋਲ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਆਵਾਜਾਈ ਹੋਣ ਨਾਲ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ।ਸਵੇਰੇ, ਸ਼ਾਮ ਇੱਥੋਂ ਵੱਡੀ ਗਿਣਤੀ ਵਿਚ ਬੱਚੇ ਲੰਘਦੇ ਹਨ। ਦੂਜੇ ਪਾਸੇ ਟੀ. ਵੀ.ਸੈਂਟਰ ਦੇ ਸਾਹਮਣੇ ਵੀ ਪਾਰਕ ਦੇ ਕੋਲ ਬਣੇ ਹੋਏ ਡੰਪ ਤੋਂ ਲੋਕ ਪੇ੍ਰਸ਼ਾਨ ਹਨ। ਕਹਿਣ ਨੂੰ ਤਾਂ ਇਹ ਪਾਸ਼ ਇਲਾਕਾ ਹੈ ਪਰ ਕੂੜੇ ਦੇ ਡੰਪ ਨੇ ਇਸ ਦੀ ਸਾਰੀ ਦਿੱਖ ਹੀ ਖ਼ਰਾਬ ਕਰ ਦਿੱਤੀ ਹੈ। ਇਲਾਕੇ ਦੇ ਲੋਕ ਇਸ ਡੰਪ ਤੋਂ ਕਾਫ਼ੀ ਪੇ੍ਸ਼ਾਨ ਹਨ। ਉਂਜ ਜੇਕਰ ਇਹ ਡੰਪਾਂ ਦੀ ਜਗਾ ਤਬਦੀਲ ਹੁੰਦੀ ਹੈ ਤਾਂ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ। ਮੇਅਰ ਵਨੀਤ ਧੀਰ ਦੇ ਕਾਰਜਕਾਲ ਵਿਚ ਕਈ ਡੰਪ ਹੋਏ ਨੇ ਬੰਦ ਮੇਅਰ ਵਨੀਤ ਧੀਰ ਦੇ ਕਾਰਜਕਾਲ ਵਿਚ ਸ਼ਹਿਰ ਦੇ ਕਈ ਪ੍ਰਮੁੱਖ ਉਹ ਡੰਪ ਬੰਦ ਕੀਤੇ ਗਏ ਹਨ ਜਿਹੜੇ ਕਿ ਸ਼ਹਿਰ ਵਿਚਕਾਰ ਸਥਿਤ ਸਨ। 2014 ਵਿਚ ਡੰਪਾਂ ਦੀ ਗਿਣਤੀ 114 ਦੇ ਕਰੀਬ ਸੀ ਜਦਕਿ ਹੁਣ ਸ਼ਹਿਰ ਵਿਚ 20 ਦੇ ਕਰੀਬ ਡੰਪ ਰਹਿ ਗਏ ਹਨ। ਇਨ੍ਹਾਂ ਵਿਚ 15 ਡੰਪ ਵੱਡੇ ਹਨ ਜਦਕਿ ਬਾਕੀ ਛੋਟੇ ਡੰਪ ਰਹਿ ਗਏ ਹਨ। ਨਿਗਮ ਵਲੋਂ ਜਿਨ੍ਹਾਂ ਡੰਪਾਂ ਨੂੰ ਹੁਣ ਤੱਕ ਬੰਦ ਕੀਤਾ ਗਿਆ ਹੈ। ਉਨ੍ਹਾਂ ਵਿਚ ਚੁਗਿੱਟੀ ਡੰਪ, ਮਾਡਲ ਟਾਊਨ ਸ਼ਮਸ਼ਾਨਘਾਟ, ਕੂਲ੍ਹ ਰੋਡ, ਸਾਈ ਦਾਸ ਸਕੂਲ, ਖ਼ਾਲਸਾ ਸਕੂਲ, ਪਲਾਜ਼ਾ ਚੌਕ, ਟੀ. ਵੀ.ਸੈਂਟਰ ਦੇ ਪਿਛਲੇ ਪਾਸੇ, ਬਸਤੀ ਸ਼ੇਖ਼ ਦੇ ਕਈ ਡੰਪ, ਨਿਊ ਕਾਲੋਨੀ, ਨਿਗਮ ਦਫ਼ਤਰ ਦੇ ਕੋਲ ਛੋਟੇ-ਛੋਟੇ ਡੰਪ, ਪੀ. ਐਂਡ. ਟੀ.ਕਾਲੋਨੀ ਬਾਹਰ ਡੰਪ ਸ਼ਾਮਿਲ ਹਨ। ਨਿਗਮ ਵਲੋਂ ਚਾਹੇ ਕਈ ਡੰਪਾਂ ਨੂੰ ਬੰਦ ਕਰਵਾਇਆ ਗਿਆ ਹੈ ਪਰ ਅਜੇ ਵੀ ਆਬਾਦੀ ਵਿਚ ਆਏ ਡੰਪਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਪ੍ਰਤਾਪ ਬਾਗ਼ ਡੰਪ, ਜੋਤੀ ਨਗਰ ਸਮੇਤ ਹੋਰ ਡੰਪ ਸ਼ਾਮਿਲ ਹਨ।ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਵਲੋਂ ਸ਼ਹਿਰ ਵਿਚ ਪਲਾਸਟਿਕ ਦੀ ਵਰਤੋਂ ਹੀ ਘਟਾ ਲਵੇ ਤਾਂ ਡੰਪਾਂ ’ਤੇ ਕੂੜਾ ਘੱਟ ਜਾਵੇਗਾ ਸਗੋਂ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਜਲਦੀ ਹੋ ਸਕੇਗਾ। ਉਂਜ ਐਨ. ਜੀ. ਟੀ. ਦੀਆਂ ਹਦਾਇਤਾਂ ਮੁਤਾਬਿਕ 100 ਟਨ ਤੋਂ ਜ਼ਿਆਦਾ ਕੂੜਾ ਪੈਦਾ ਕਰਨ ਵਾਲੇ ਅਦਾਰਿਆਂ ਨੂੰ ਆਪ ਹੀ ਇਸ ਕੂੜੇ ਦੀ ਖਾਦ ਬਣਾਉਣ ਦੀਆਂ ਹਦਾਇਤਾਂ ਹਨ ਪਰ ਇਹ ਹਦਾਇਤ ਦੀ ਪਾਲਨਾ ਕੁਝ ਅਦਾਰੇ ਹੀ ਕਰ ਰਹੇ ਹਨ। ਜੇਕਰ ਵੱਡੇ ਅਦਾਰਿਆਂ ਵਲੋਂ ਆਪਣੇ ਕੂੜੇ ਦੀ ਆਪ ਹੀ ਖਾਦ ਬਣਾਉਣ ਦਾ ਕੰਮ ਹੋਵੇ ਤਾਂ ਸ਼ਹਿਰ ਵਿਚ ਕੂੜੇ ਦੀ ਸਮੱਸਿਆ ਖ਼ਤਮ ਹੋ ਜਾਵੇਗੀ।