ਇਕ ਮਹੀਨੇ ਵਿਚ ਹੀ ਨਿਕਾਸ ਕੁਮਾਰ ਨੇ ਕੰਮਾਂ ਵਿਚ ਲਿਆਂਦੀ ਸੀ ਤੇਜ਼ੀ
ਸ਼ਿਵ ਸ਼ਰਮਾ
ਜਲੰਧਰ, 11 ਅਗਸਤ-ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਨਗਰ ਨਿਗਮ ਵਿਚ ਵੀ ਵੱਡਾ ਫੇਰਬਦਲ ਕਰਦੇ ਹੋਏ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਦੀ ਇਕ ਮਹੀਨੇ ਬਾਅਦ ਹੀ ਬਦਲੀ ਕਰਕੇ ਉਨ੍ਹਾਂ ਦੀ ਥਾਂ ਜਲੰਧਰ ਨਿਗਮ ਦੇ ਸਾਬਕਾ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਦੇ ਦਿੱਤਾ ਹੈ। ਇਕ ਮਹੀਨਾ ਪਹਿਲਾਂ ਸੰਦੀਪ ਰਿਸ਼ੀ ਨੂੰ ਨਿਗਮ ਕਮਿਸ਼ਨਰ ਤੋਂ ਹਟਾ ਕੇ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਐਸ. ਏ. ਐਸ. ਨਗਰ ਦਾ ਮੁੱਖ ਪ੍ਰਸ਼ਾਸਕ ਲਗਾਇਆ ਗਿਆ ਸੀ ਜਦਕਿ ਹੁਸ਼ਿਆਰਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਨਿਕਾਸ ਕੁਮਾਰ ਨੂੰ ਬਦਲ ਕੇ ਇਕ ਮਹੀਨਾ ਪਹਿਲਾਂ ਜਲੰਧਰ ਨਿਗਮ ਦਾ ਕਮਿਸ਼ਨਰ ਨਿਯੁਕਤ ਕੀਤਾ ਸੀ। ਸਰਕਾਰ ਨੇ ਅੱਜ ਇਸ ਬਾਰੇ ਆਦੇਸ਼ ਜਾਰੀ ਕਰਕੇ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਨੂੰ ਵਧੀਕ ਸਕੱਤਰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਲਗਾ ਦਿੱਤਾ ਹੈ। ਸ੍ਰੀ ਨਿਕਾਸ ਕੁਮਾਰ ਦੀ ਸਿਰਫ਼ ਇਕ ਮਹੀਨੇ ਵਿਚ ਹੀ ਬਦਲੀ ਹੋਣ ਬਾਰੇ ਕਾਫ਼ੀ ਚਰਚਾ ਰਹੀ। ਦੱਸਿਆ ਜਾਂਦਾ ਹੈ ਕਿ ਕਈ ਕੁਝ ਸੱਤਾਧਾਰੀ ਆਗੂ ਪਹਿਲਾਂ ਹੀ ਸੰਦੀਪ ਰਿਸ਼ੀ ਦੀ ਨਿਗਮ ਕਮਿਸ਼ਨਰ ਤੋਂ ਬਦਲੀ ਹੋਣ ਦੇ ਹੱਕ ਵਿਚ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਸੰਦੀਪ ਰਿਸ਼ੀ ਨੇ ਹੁਣ ਕਾਫ਼ੀ ਸਮੇਂ ਬਾਅਦ ਮਿਹਨਤ ਕਰਕੇ ਸ਼ਹਿਰ ਨੂੰ ਪੱਟਰੀ ’ਤੇ ਲਿਆਂਦਾ ਹੈ ਤਾਂ ਜੇਕਰ ਹੁਣ ਬਦਲੀ ਕੀਤੀ ਜਾਂਦੀ ਹੈ ਤਾਂ ਆਉਣ ਵਾਲੀਆਂ ਚੋਣਾਂ ਕਰਕੇ ਵਿਕਾਸ ਕੰਮਾਂ ਲਈ ਸੱਤਾਧਾਰੀ ਪਾਰਟੀ ਨੂੰ ਪ੍ਰੇਸ਼ਾਨੀ ਆ ਸਕਦੀ ਹੈ ਜਦਕਿ ਸਰਕਾਰ ਸ੍ਰੀ ਰਿਸ਼ੀ ਨੂੰ ਐਸ. ਏ. ਐਸ. ਨਗਰ ਵਿਚ ਲਗਾਉਣਾ ਚਾਹੁੰਦੀ ਸੀ। ਇਸ ਤਰਾਂ ਦੀ ਵੀ ਚਰਚਾ ਸੀ ਕਿ ਮੇਅਰ ਵੀ ਸੰਦੀਪ ਰਿਸ਼ੀ ਨੂੰ ਹੀ ਨਿਗਮ ਕਮਿਸ਼ਨਰ ਬਣੇ ਰਹਿਣ ਦੇ ਹੱਕ ਵਿਚ ਸੀ ਤਾਂ ਜੋ ਇਸ ਸਮੇਂ ਵਿਚ ਉਨ੍ਹਾਂ ਦੀ ਬਦਲੀ ਕੀਤੀ ਜਾਂਦੀ ਹੈ ਤਾਂ ਨਵੇਂ ਅਫ਼ਸਰ ਨੂੰ ਸ਼ਹਿਰ ਨੂੰ ਸਮਝਣ ਵਿਚ ਹੀ ਕਾਫ਼ੀ ਸਮਾਂ ਲੱਗ ਜਾਣਾ ਹੈ ਜਦਕਿ ਇਸ ਵੇਲੇ ਅਗਲੇ ਸਾਲ ਆ ਰਹੀਆਂ ਚੋਣਾਂ ਨੂੰ ਦੇਖਦੇ ਹੋਏ ਤੇਜ਼ੀ ਨਾਲ ਕੰਮ ਕਰਵਾਉਣ ਦੀ ਜ਼ਿਆਦਾ ਲੋੜ ਹੈ। ਸ੍ਰੀ ਸੰਦੀਪ ਰਿਸ਼ੀ ਵਲੋਂ ਆਉਂਦੇ ਦਿਨਾਂ ਵਿਚ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ ਸੰਭਾਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ । ਉਂਜ ਨਵੇਂ ਕਮਿਸ਼ਨਰ ਨਿਕਾਸ ਕੁਮਾਰ ਦੇ ਨੌਜਵਾਨ ਅਫ਼ਸਰ ਹੋਣ ਕਰਕੇ ਉਹ ਵੀ ਤੇਜ਼ੀ ਨਾਲ ਕੰਮ ਕਰਵਾਉਣ ਲੱਗ ਪਏ ਸਨ। ਉਨ੍ਹਾਂ ਨੇ ਬਰਸਾਤਾਂ ਨੂੰ ਦੇਖਦੇ ਹੋਏ ਅਫ਼ਸਰਾਂ ਨੂੰ ਨਾਲ ਲੈ ਜੇ ਕੇ ਕਈ ਡਿਸਪੋਜਲਾਂ ਦਾ ਮੌਕਾ ਦੇਖਿਆ ਸੀ ਤੇ ਪਾਣੀ ਨਿਕਾਸੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਸੀ। ਨਿਗਮ ਕਮਿਸ਼ਨਰ ਨਿਕਾਸ ਕੁਮਾਰ ਚਾਹੇ ਥੋੜ੍ਹਾ ਸਮਾਂ ਹੀ ਨਗਰ ਨਿਗਮ ਕਮਿਸ਼ਨਰ ਰਹੇ ਪਰ ਉਨ੍ਹਾਂ ਨੇ ਕਈ ਵਿਭਾਗਾਂ ਨੂੰ ਆਮਦਨ ਨੂੰ ਵਧਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਸੀ ਤੇ ਇਸ ਤੋਂ ਇਲਾਵਾ ਨਾਜਾਇਜ਼ ਉਸਾਰੀਆਂ ’ਤੇ ਵੀ ਸਖ਼ਤੀ ਕਰਨ ਦੀ ਹਦਾਇਤ ਦਿੱਤੀ ਸੀ।