ਡੀ . ਆਈ . ਜੀ . ਨਵੀਨ ਸਿੰਗਲਾ ਨੇ ਦਿਹਾਤੀ ਪੁਲਿਸ ਦੇ ਅਧਿਕਾਰੀਆਂ ਨੂੰ ਅਪਰਾਧਾਂ ਦੀ ਰੋਕਥਾਮ ਯਕੀਨੀ ਬਣਾਉਣ ਦੇ ਦਿੱਤੇ ਨਿਰਦੇਸ਼
ਜਲੰਧਰ, 24 ਅਗਸਤ (ਜਤਿੰਦਰ ਪੰਮੀ)–ਡੀ. ਆਈ.
ਜਲੰਧਰ, 24 ਅਗਸਤ (ਜਤਿੰਦਰ ਪੰਮੀ)–ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸਮੂਹ ਅਧਿਕਾਰੀਆਂ ਨੂੰ ਅਪਰਾਧਾਂ ਦੀ ਰੋਕਥਾਮ ਤੇ ਪਤਾ ਲਗਾਉਣ ਲਈ ਆਪਸੀ ਤਾਲਮੇਲ ਮਜ਼ਬੂਤ ਕਰਨ ਅਤੇ ਪ੍ਰੋ-ਐਕਟਿਵ ਪਹੁੰਚ ਅਪਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰੋਕਥਾਮੀ ਪੁਲਿਸਿੰਗ ਸਬੰਧੀ ਉਪਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਤਫ਼ਤੀਸ਼ਾਂ ਅਤੇ ਪੈਂਡਿੰਗ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਕਰਨ, ਅਪਰਾਧਿਕ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਹਦਾਇਤ ਵੀ ਕੀਤੀ ਹੈ। ਉਨ੍ਹਾਂ ਨੇ ਇਹ ਦਿਸ਼ਾ-ਨਿਰਦੇਸ਼ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਕੀਤੀ ਗਈ ਸਮੀਖਿਆ ਮੀਟਿੰਗ ਦੌਰਾਨ ਹਾਜ਼ਰ ਸਮੂਹ ਅਧਿਕਾਰੀਆਂ ਤੇ ਥਾਣਾ ਮੁਖੀਆਂ ਨੇ ਦਿੱਤੇ। ਡੀ. ਆਈ. ਜੀ. ਸਿੰਗਲਾ ਵਲੋਂ ਮੀਟਿੰਗ ਦੌਰਾਨ ਚੱਲ ਰਹੇ ਅਤੇ ਪ੍ਰਸਤਾਵਿਤ ਵਿਸ਼ੇਸ਼ ਆਪਰੇਸ਼ਨਾਂ, ਖੁਫੀਆ ਜਾਣਕਾਰੀਆਂ ਅਤੇ ਕਾਊਂਟਰ ਇੰਟੈਲੀਜੈਂਸ ਯੂਨਿਟਾਂ ਨਾਲ ਤਾਲਮੇਲ ਦੀ ਵੀ ਸਮੀਖਿਆ ਕੀਤੀ ਗਈ। ਜ਼ਿਲ੍ਹੇ ਨਾਲ ਸਬੰਧਤ ਵੱਖ-ਵੱਖ ਕਾਨੂੰਨ-ਵਿਵਸਥਾ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀਆਂ ਵੀਆਈਪੀ ਵਿਜ਼ਿਟਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਅਤੇ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਸਥਾਈ ਨਾਕਿਆਂ ਦੀ ਸਥਾਪਨਾ ਅਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਸੰਚਾਲਨ ਦੇ ਨਾਲ-ਨਾਲ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕੀਤੀ ਜਾ ਰਹੀ ਕਾਰਵਾਈ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਅਪਰਾਧ ਤੇ ਤਫ਼ਤੀਸ਼ ਸੰਬੰਧੀ ਵੀ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ, ਜਿਸ ਵਿੱਚ ਤਫਤੀਸ਼ ਅਧੀਨ ਮਾਮਲੇ, ਸੰਗੀਨ ਅਪਰਾਧ, ਸਥਾਨਕ ਤੇ ਵਿਸ਼ੇਸ਼ ਕਾਨੂੰਨਾਂ ਤਹਿਤ ਦਰਜ ਮਾਮਲੇ ਅਤੇ ਤਫ਼ਤੀਸ਼ ਨੂੰ ਸਮੇਂ ਸਿਰ ਮੁਕੰਮਲ ਕਰਕੇ ਚਲਾਨ ਪੇਸ਼ ਕਰਨ ਸਬੰਧੀ ਪ੍ਰਗਤੀ ਸ਼ਾਮਲ ਸੀ। ਡੀ. ਆਈ. ਜੀ. ਵੱਲੋਂ ਚੋਣਾਂ ਸਬੰਧੀ ਤਿਆਰੀਆਂ, ਆਉਣ ਵਾਲੀਆਂ ਚੋਣਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਭਗੌੜਿਆਂ ਤੇ ਗੈਰ-ਜ਼ਮਾਨਤੀ ਵਾਰੰਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਰਾਤ ਸਮੇਂ ਡੋਮੀਨੇਸ਼ਨ ਆਪਰੇਸ਼ਨਾਂ ਅਤੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਜਾਂਚ ਲਈ ਸੰਬੰਧਤ ਐਪਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ, ਰੋਕਥਾਮੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਡੀ. ਆਈ. ਜੀ. ਜਲੰਧਰ ਰੇਂਜ ਨੂੰ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਅਪਰਾਧਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਪੁਲਿਸ ਪ੍ਰਬੰਧਾਂ ਅਤੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਫੀਲਡ ਯੂਨਿਟਾਂ ਦੀ ਕਾਰਗੁਜ਼ਾਰੀ, ਮਾਮਲਿਆਂ ਦੀ ਤਫ਼ਤੀਸ਼, ਰੋਕਥਾਮੀ ਪੁਲਿਸਿੰਗ ਅਤੇ ਜਲੰਧਰ-ਦਿਹਾਤੀ ਵਿੱਚ ਚਲਾਏ ਜਾ ਰਹੇ ਵਿਸ਼ੇਸ਼ ਆਪਰੇਸ਼ਨਾਂ ਸਬੰਧੀ ਵੀ ਜਾਣੂ ਕਰਵਾਇਆ ਗਿਆ। ਐੱਸ.ਐੱਸ.ਪੀ. ਨੇ ਵੀ ਸਮੂਹ ਡੀ.ਐੱਸ.ਪੀਜ਼, ਐੱਸ.ਐੱਚ.ਓਜ਼ ਅਤੇ ਪੁਲਿਸ ਪੋਸਟ ਇੰਚਾਰਜਾਂ ਨੂੰ ਮਜ਼ਬੂਤ ਫੀਲਡ ਮੌਜੂਦਗੀ ਬਣਾਈ ਰੱਖਣ, ਰਾਤ ਸਮੇਂ ਗਸ਼ਤ ਅਤੇ ਡੋਮੀਨੇਸ਼ਨ ਨੂੰ ਹੋਰ ਤੇਜ਼ ਕਰਨ, ਅਪਰਾਧਿਕ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨੇੜਿਓਂ ਨਿਗਰਾਨੀ ਰੱਖਣ ਅਤੇ ਖੁਫੀਆ ਜਾਣਕਾਰੀਆਂ ’ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਐੱਸ. ਪੀ. (ਤਫਤੀਸ਼) ਵਿਨੀਤ ਆਹਲਾਵਤ, ਐੱਸ. ਪੀ. (ਪੀ. ਬੀ. ਆਈ.) ਗੁਰਪ੍ਰੀਤ ਸਿੰਘ, ਸਮੂਹ ਉਪ ਪੁਲਿਸ ਕਪਤਾਨ, ਥਾਣਾ ਮੁਖੀ ਅਤੇ ਪੁਲਿਸ ਪੋਸਟ ਇੰਚਾਰਜ ਹਾਜ਼ਰ ਸਨ।