ਜਲੰਧਰ, 29 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੇ 4 ਪ੍ਰਮੁੱਖ ਅਹੁਦੇਦਾਰਾਂ ਅਤੇ 10 ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਲਈ ਵੋਟਾਂ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤੱਕ ਪਾਈਆਂ ਜਾਣਗੀਆਂ ਤੇ ਨਤੀਜੇ ਵੀ ਐਤਵਾਰ ਨੂੰ ਹੀ ਰਾਤ ਤੱਕ ਐਲਾਨ ਦਿੱਤੇ ਜਾਣਗੇ। ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ ਪੁਲਿਸ ਵਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ । ਜਦਕਿ ਪ੍ਰਸ਼ਾਸ਼ਨ ਵਲੋਂ ਜਿਮਖਾਨਾ ਕਲੱਬ ਨੂੰ ਪਹਿਲਾਂ ਹੀ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਦੌਰਾਨ ਮੈਂਬਰਾਂ ਦੇ ਦਾਖਲੇ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ ।




ਇਨ੍ਹਾਂ ਚੋਣਾਂ ’ਚ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ ਇਕ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ ਪਰ ਬਾਕੀ ਦੇ ਅਹੁਦੇਦਾਰਾਂ ਤੇ ਐਗਜ਼ੈਕਟਿਵ ਕਮੇਟੀ ਦੀ ਚੋਣ ਕਲੱਬ ਦੇ 4078 ਵੋਟਰਾਂ ਦੇ ਹੱਥ ’ਚ ਹੈ। ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਮੁੱਖ ਮੁਕਾਬਲਾ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਮੁੱਖ ਤੌਰ ’ਤੇ ਮੁਕਾਬਲਾ ਅਚੀਵਰਜ਼ ਅਤੇ ਪ੍ਰੋਗਰੈਸਿਵ ਦੋਵਾਂ ਗਰੁੱਪਾਂ ਵਿਚਾਲੇ ਹੈ। ਹਾਲਾਂਕਿ ਸੈਕਟਰੀ ਦੀ ਚੋਣ ਲਈ ਇਕ ਆਜ਼ਾਦ ਉਮੀਦਵਾਰ ਦੇ ਚੋਣ ਮੈਦਾਨ ’ਚ ਕੁੱਦਣ ਨਾਲ ਸੈਕਟਰੀ ਦੇ ਅਹੁਦੇ ’ਤੇ ਚੋਣ ਮੁਕਾਬਲਾ ਤਿਕੋਣਾ ਹੋ ਗਿਆ ਹੈ ਪਰ ਬਾਕੀ ਅਹੁਦਿਆਂ ’ਤੇ ਉਮੀਦਵਾਰਾਂ ਵਿਚਕਾਰ ਸਿੱਧੀ ਟੱਕਰ ਹੈ। ਇੱਥੇ ਦੱਸਣਯੋਗ ਹੈ ਕਿ ਅਚੀਵਰਜ਼ ਗਰੁੱਪ ਵਲੋਂ ਜਿੱਥੇ ਅਮਿਤ ਕੁਕਰੇਜਾ ਸੈਕਟਰੀ ਦੇ ਅਹੁਦੇ ਦੀ ਚੋਣ ਲੜ ਰਹੇ ਹਨ, ਉੱਥੇ ਪ੍ਰੋਗਰੈਸਿਵ ਗਰੁੱਪ ਵਲੋਂ ਵਿਜੇ ਸਹਿਦੇਵ ਚੋਣ ਮੈਦਾਨ ’ਚ ਹਨ, ਜਦਕਿ ਮਾਈਕਲ ਓਹਰੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ’ਤੇ ਪ੍ਰੋਗਰੈਸਿਵ ਗਰੁੱਪ ਵਲੋਂ ਐਡਵੋਕੇਟ ਦਲਜੀਤ ਸਿੰਘ ਛਾਬੜਾ ਤੇ ਅਚੀਵਰਜ਼ ਗਰੁੱਪ ਵਲੋਂ ਧੀਰਜ ਸੇਠ ਵਿਚਕਾਰ ਸਿੱਧਾ ਮੁਕਾਬਲਾ ਹੈ। ਜਦਕਿ ਖਜ਼ਾਨਚੀ ਲਈ ਵੀ ਅਚੀਵਰਜ਼ ਗਰੁੱਪ ਦੇ ਸੌਰਭ ਖੁੱਲ੍ਹਰ ਤੇ ਪ੍ਰੋਗਰੈਸਿਵ ਗਰੁੱਪ ਦੇ ਗੁਰਦਰਸ਼ਨ ਸਿੰਘ ਕੋਛੜ ਵਿਚਕਾਰ ਸਿੱਧੀ ਟੱਕਰ ਹੈ। ਓਧਰ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ ਅਚੀਵਰਜ਼ ਗਰੁੱਪ ਵਲੋਂ ਆਪਣੇ 9 ਉਮੀਦਵਾਰਾਂ ਨਿਤਿਨ ਬਹਿਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਵਿੰਨੀ ਸ਼ਰਮਾ ਧਵਨ, ਐਮ. ਬੀ. ਬਾਲੀ, ਜੁਬੀਨ ਸ਼ੰਗਾਰੀ ਤੇ ਰਿਸ਼ੂ ਝਾਂਜੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ, ਜਦਕਿ ਪ੍ਰੋਗਰੈਸਿਵ ਗਰੁੱਪ ਵਲੋਂ 7 ਉਮੀਦਵਾਰਾਂ ’ਤੇ ਆਪਣਾ ਦਾਅ ਖੇਡਿਆ ਗਿਆ ਹੈ, ਜਿਨ੍ਹਾਂ ’ਚ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਤਰਨਜੋਤ ਸਿੰਘ ਸਿਡਾਨਾ, ਕੈਪਟਨ ਰਮਨ ਸਿੰਘ, ਜਸਮੀਤ ਛਾਬੜਾ, ਗਗਨਦੀਪ ਉੱਪਲ ਤੇ ਮਨਿੰਦਰ ਸਿੰਘ ਬੇਦੀ ਸ਼ਾਮਿਲ ਹਨ। ਇਕ ਮੈਂਬਰ ਪਾ ਸਕੇਗਾ 13-13 ਵੋਟਾਂ ਜਿਮਖਾਨਾ ਕਲੱਬ ਦੀਆਂ ਐਤਵਾਰ ਨੂੰ ਪੈਣ ਜਾ ਰਹੀਆਂ ਵੋਟਾਂ ’ਚ ਇਕ-ਇਕ ਕਲੱਬ ਮੈਂਬਰ 13-13 ਵੋਟਾਂ ਪਾ ਸਕੇਗਾ। ਚੋਣ ਦੌਰਾਨ ਇਕ ਵੋਟਰ (ਮੈਂਬਰ) ਜਿੱਥੇ ਉਪਰਲੇ ਤਿੰਨ ਉਮੀਦਵਾਰਾਂ ਆਨਰੇਰੀ ਸੈਕਟਰੀ, ਜੂਨੀਅਰ ਮੀਤ ਪ੍ਰਧਾਨ ਅਤੇ ਖਜ਼ਾਨਚੀ ਦੀ ਚੋਣ ਲਈ ਤਿੰਨ ਵੋਟਾਂ ਪਾ ਸਕੇਗਾ, ਉੱਥੇ 10 ਮੈਂਬਰੀ ਐਗਜ਼ੈਕਟਿਵ ਕਮੇਟੀ ਲਈ 10 ਵੋਟਾਂ ਪਾਉਣ ਦਾ ਹੱਕਦਾਰ ਹੋਵੇਗਾ। ਉਪਰਲੇ ਤਿੰਨ ਅਹੁਦਿਆਂ ਲਈ ਵੋਟ ਪਰਚੀਆਂ ਦਾ ਰੰਗ ਵੱਖੋ ਵੱਖਰਾ ਹੋਵੇਗਾ, ਜਦਕਿ ਐਗਜ਼ੈਕਟਿਵ ਕਮੇਟੀ ਦੀ ਚੋਣ ਲਈ ਵੋਟ ਪਰਚੀਆਂ ਇਕੋ ਰੰਗ ਦੀਆਂ ਹੋਣਗੀਆਂ ਪਰ ਇਨ੍ਹਾਂ ਉੱਪਰ ਉਮੀਦਵਾਰਾਂ ਦੇ ਸੀਰੀਅਲ ਨੰਬਰ ਅੰਕਿਤ ਹੋਣਗੇ। ਕਲੱਬ ਦੇ ਕਾਰਡ ਤੋਂ ਇਲਾਵਾ ਹੋਰ ਪਛਾਣ ਨਾਲ ਵੀ ਪਾਈ ਜਾ ਸਕੇਗੀ ਵੋਟ ਇਸ ਦੌਰਾਨ ਰਿਟਰਨਿੰਗ ਅਧਿਕਾਰੀ ਮੈਡਮ ਸ਼ੁਭੀ ਆਂਗਰਾ ਵਲੋਂ ਕਲੱਬ ਮੈਂਬਰਾਂ ਨੂੰ ਇਹ ਵੀ ਛੋਟ ਦਿੱਤੀ ਗਈ ਹੈ ਕਿ ਉਹ ਕਲੱਬ ਦੇ ਆਈ. ਡੀ. ਕਾਰਡ ਤੋਂ ਇਲਾਵਾ ਕੋਈ ਵੀ ਹੋਰ ਪਛਾਣ ਦਾ ਸਬੂਤ ਦਿਖਾ ਕੇ ਵੋਟ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਦੇ ਆਈ. ਡੀ. ਕਾਰਡ ਤੋਂ ਇਲਾਵਾ ਪਾਸਪੋਰਟ, ਡਰਾਈਵਿੰਗ ਲਾਈਸੈਂਸ, ਆਧਾਰ ਕਾਰਡ, ਪੈਨ ਕਾਰਡ, ਸਰਕਾਰੀ ਆਈ. ਡੀ. ਕਾਲਡ ਜਾਂ ਐਪਿਕ ਕਾਰਡ ਦਿਖਾ ਕੇ ਵੀ ਵੋਟਰ ਆਪਣੀ ਵੋਟ ਪਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਚੋਣਾਂ ਦੌਰਾਨ ਕੋਈ ਵੀ ਉਮੀਦਵਾਰ ਵੋਟਰ ਨੂੰ ਲਾਲਚ ਜਾਂ ਰਿਸ਼ਵਤ ਨਹੀਂ ਦੇ ਸਕਦਾ ਤੇ ਨਾ ਹੀ ਕਿਸੇ ਹੋਰ ਤਰੀਕੇ ਨਾਲ ਵੋਟਰ ਨੂੰ ਪ੍ਰਭਾਵਿਤ ਕਰ ਸਕੇਗਾ ਤੇ ਜੇਕਰ ਕੋਈ ਉਮੀਦਵਾਰ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਚੋਣਾਂ ਪਾਰਦਰਸ਼ੀ ਤੇ ਅਮਨ ਅਮਾਨ ਨਾਲ ਨੇਪਰੇ ਚੜ੍ਹਾਉਣ ਲਈ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਦਾਇਰੇ ’ਚ ਮੋਬਾਈਲ ਫੋਨ, ਕੋਰਡ ਲੈਸ ਫੋਨ ਜਾਂ ਵਾਇਰਲੈੱਸ ਫੋਨ ਚਲਾਉਣ ’ਤੇ ਵੀ ਪਾਬੰਦੀ ਲਗਾਈ ਹੈ।