ਤਰਕਸ਼ੀਲ ਸੁਸਾਇਟੀ ਵਲੋਂ ਪਾਸ਼ - ਹੰਸ ਰਾਜ ਦੀ ਯਾਦਗਾਰ ਤੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਮੰਗ
ਜਲੰਧਰ, 31 ਅਗਸਤ (ਐੱਮ. ਐੱਸ.
ਜਲੰਧਰ, 31 ਅਗਸਤ (ਐੱਮ. ਐੱਸ. ਲੋਹੀਆ) - ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸਥਾਨਕ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨਕਲਾਬੀ ਕਵੀ ਪਾਸ਼ ਅਤੇ ਉਸਦੇ ਸਾਥੀ ਹੰਸ ਰਾਜ ਦੀ ਯਾਦ ’ਚ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਉਸਾਰੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਦਰਵਾਜੇ ਅਤੇ ਤਾਲੇ ਤੋੜ ਕੇ ਜ਼ਬਰਦਸਤੀ ਲਗਾਏ ਗਏ ਝੂਲਿਆਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਕਿ 9 ਸਤੰਬਰ ਨੂੰ ਪਾਸ਼ ਦੇ 76ਵੇਂ ਜਨਮ ਦਿਵਸ ’ਤੇ ਹੋਣ ਵਾਲੇ ਵਿਸ਼ਾਲ ਇਨਕਲਾਬੀ ਸਭਿਆਚਾਰਕ ਸਮਾਗਮ ਨੂੰ ਹਰ ਸਾਲ ਵਾਂਗ ਪੁਰਅਮਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਸੰਬੰਧੀ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਸੁਖਵਿੰਦਰ ਬਾਗਪੁਰ, ਸੁਮੀਤ ਅੰਮ੍ਰਿਤਸਰ ਅਤੇ ਜੋਗਿੰਦਰ ਕੁੱਲੇਵਾਲ ਨੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸ਼ਹੀਦ ਪਾਸ਼-ਹੰਸ ਰਾਜ ਯਾਦਗਾਰੀ ਕਮੇਟੀ ਅਤੇ ਸਮੂਹ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਹਲਕੇ ਦੇ ਵਿਧਾਇਕ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਨਾ ਤਾਂ ਉਸ ਕੰਪਲੈਕਸ ’ਚੋਂ ਝੂਲੇ ਹਟਾਏ ਗਏ ਹਨ ਅਤੇ ਨਾ ਹੀ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ, ਨਤੀਜੇ ਵਜੋਂ ਪਾਸ਼ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਕਿਰਤੀ ਲੋਕਾਂ, ਕਮੇਟੀ ਆਗੂਆਂ ਅਤੇ ਜਥੇਬੰਦੀਆਂ ’ਚ ਵੱਡਾ ਰੋਸ ਫੈਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਤੇ ਕਾਰਕੁਨ 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦੇ ਜਨਮ ਦਿਨ ਮੌਕੇ ਹੋ ਰਹੇ ਵਿਸ਼ਾਲ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਨਕਲਾਬੀ ਕਵੀ ਨੂੰ ਸਿਜਦਾ ਕਰਨਗੇ।