ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਕਰੇਗੀ ਗ੍ਰਿਫ਼ਤਾਰ-ਏ. ਸੀ. ਪੀ. ਠਾਕੁਰ
ਜਲੰਧਰ , 2 ਸਤੰਬਰ ( ਜਤਿੰਦਰ ਪੰਮੀ )– ਬੀਤੇ ਦਿਨ ਡਾ . ਬੀ .
ਜਲੰਧਰ , 2 ਸਤੰਬਰ ( ਜਤਿੰਦਰ ਪੰਮੀ )– ਬੀਤੇ ਦਿਨ ਡਾ . ਬੀ . ਆਰ . ਅੰਬੇਡਕਰ ਚੌਕ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਦੇ ਬਾਹਰ ਸਵੇਰੇ ਤੜਕੇ ਗੁਰੂ ਘਰ ਆਏ ਵਿਅਕਤੀ ’ ਤੇ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਦੀ ਸੀ . ਸੀ . ਟੀ . ਵੀ . ਫੁਟੇਜ ਸੋਸ਼ਲ ਮੀਡੀਆ ’ ਤੇ ਵਾਇਰਲ ਹੋਣ ਉਪਰੰਤ ਏ . ਸੀ . ਪੀ . ਸੈਂਟਰਲ ਰਾਜੇਸ਼ ਠਾਕੁਰ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਕਤ ਮਾਮਲੇ ਦੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਪੁਲਿਸ ਵਲੋਂ ਸੀ . ਸੀ . ਟੀ . ਵੀ . ਫੁਟੇਜ ਦੇ ਆਧਾਰ ’ ਤੇ ਗੁਰਦੁਆਰਾ ਸਾਹਿਬ ਵਿਖੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਵਿਖੇ ਮੰਗਲਵਾਰ ਤੜਕੇ ਕਰੀਬ ਪੌਣੇ ਦੋ ਵਜੇ ਮੇਜਰ ਸਿੰਘ ਆਪਣੀ ਐਕਟਿਵਾ ’ ਤੇ ਪਹੁੰਚੇ ਸਨ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ , ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ , ਉਨ੍ਹਾਂ ਪਿੱਛੇ ਗੁਰੂ ਘਰ ਦੇ ਮੁੱਖ ਗੇਟ ਅੰਦਰ ਦਾਖਲ ਹੋ ਗਏ । ਮੇਜਰ ਸਿੰਘ ਨੇ ਖਤਰਾ ਵੇਖ ਕੇ ਅੰਦਰ ਮੌਜੂਦ ਸੇਵਾਦਾਰਾਂ ਨੂੰ ਆਵਾਜ਼ ਮਾਰੀ ਤਾਂ ਲੁਟੇਰੇ ਫਰਾਰ ਹੋ ਗਏ । ਇਸ ਮਾਮਲੇ ਦੀ ਥਾਣਾ ਡਵੀਜ਼ਨ ਨੰਬਰ -2 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ।