ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਅਮਲ ਸ਼ੁਰੂ, ਪਹਿਲੇ ਦਿਨ 20 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਅਮਲ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਡੀ.
ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਚੋਣ ਅਮਲ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਡੀ. ਬੀ. ਏ. ਦੀ ਕਾਰਜਕਾਰੀ ਕਮੇਟੀ ਦੇ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀਆਂ ਦੇ ਪਹਿਲੇ ਦਿਨ ਨਿਰਧਾਰਤ ਸਮੇਂ 12 ਤੋਂ 3 ਵਜੇ ਤੱਕ 20 ਉਮੀਦਵਾਰਾਂ ਨੇ ਚੋਣਾਂ ਕਰਵਾਉਣ ਲਈ ਬਣਾਈ ਗਈ ਚੋਣ ਕਮੇਟੀ ’ਚ ਸ਼ਾਮਲ ਰਿਟਰਨਿੰਗ ਅਫਸਰਾਂ ਕੋਲ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਪਹਿਲੇ ਦਿਨ ਪ੍ਰਧਾਨ ਦੇ ਅਹੁਦੇ ਲਈ ਇਕ, ਸੀਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ 2, ਜੂਨੀਅਰ ਵਾਈਸ ਪ੍ਰਧਾਨ ਦੇ ਅਹੁਦੇ ਲਈ 2, ਵਾਈਸ ਪ੍ਰਧਾਨ (ਮਹਿਲਾ) ਦੇ ਅਹੁਦੇ ਲਈ 2, ਸੈਕਟਰੀ ਦੇ ਅਹੁਦੇ ਲਈ 1, ਜੁਆਇੰਟ ਸੈਕਟਰੀ ਲਈ 1, ਸਹਾਇਕ ਸਕੱਤਰ ਲਈ 1 ਅਤੇ ਕਾਰਜਕਾਰੀ ਮੈਂਬਰਾਂ ਲਈ 10 ਨਾਮਜ਼ਦਗੀਆਂ ਦਾਖਲ ਹੋਈਆਂ। ਚੋਣ ਕਮੇਟੀ ਦੇ ਮੈਂਬਰਾਂ ਬਲਵਿੰਦਰ ਸਿੰਘ ਲੱਕੀ, ਸੰਜੀਵ ਬਾਂਸਲ, ਗੁਰਬਚਨ ਲਾਲ ਗਗਨੇਜਾ, ਮਧੂ ਰਚਨਾ ਤੇ ਹੋਰਨਾਂ ਨੇ ਦੱਸਿਆ ਕਿ ਪਹਿਲੇ ਦਿਨ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲੇ 20 ਉਮੀਦਵਾਰਾਂ ਵਿਚੋਂ ਪ੍ਰਧਾਨ ਦੇ ਅਹੁਦੇ ਲਈ ਤਰਸੇਮ ਸਿੰਘ ਟਾਕ, ਸੀਨੀ. ਵਾਈਸ ਪ੍ਰਧਾਨ ਦੇ ਅਹੁਦੇ ਲਈ ਕੁਨਾਲ ਗੋਇਲ ਤੇ ਸੰਨੀ ਕੁਮਾਰ, ਜੂਨੀਅਰ ਵਾਈਸ ਪ੍ਰਧਾਨ ਲਈ ਹਰਮਨਪ੍ਰੀਤ ਸਿੰਘ ਜੌਹਲ ਤੇ ਰੋਬਿਨ ਸੇਠੀ, ਵਾਈਸ ਪ੍ਰਧਾਨ (ਮਹਿਲਾ) ਲਈ ਛਾਇਆ ਖੁੱਲਰ ਤੇ ਸੁਦੇਸ਼ ਕੁਮਾਰੀ, ਸੈਕਟਰੀ ਲਈ ਅਮਰਿੰਦਰ ਸਿੰਘ ਥਿੰਦ, ਜੁਆਇੰਟ ਸੈਕਟਰੀ ਲਈ ਧੀਰਜ ਕੁਮਾਰ ਭਗਤ, ਸਹਾਇਕ ਸਕੱਤਰ ਲਈ ਰਵੀਨਾ ਸੇਠੀ ਨੇ ਕਾਗਜ਼ ਭਰੇ ਹਨ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਲਈ ਕਾਗਜ਼ ਜਮ੍ਹਾਂ ਕਰਵਾਉਣ ਵਾਲਿਆਂ ਵਿੱਚ ਅਨੂ ਸੋਢੀ, ਅਪੂਰਵਾ ਬਖਸ਼ੀ, ਐਰਿਕ ਕੁਮਾਰ, ਅਸ਼ਵਨੀ ਦਾਦਰਾ, ਬਲਵਿੰਦਰ ਕੌਰ, ਮਾਨਵੀ ਉੱਪਲ, ਮੋਹਿਤ ਸੇਪਲਾ, ਨਵਨੀਤ ਕੌਰ, ਰੋਹਨ ਕਾਂਤ ਅਤੇ ਤਜਿੰਦਰ ਸਿੰਘ ਸ਼ਾਮਿਲ ਹਨ। ਚੋਣ ਕਮੇਟੀ ਦੇ ਰਿਟਰਨਿੰਗ ਅਫਸਰਾਂ ਨੇ ਦੱਸਿਆ ਕਿ 3 ਸਤੰਬਰ ਨੂੰ ਵੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ 12 ਤੋਂ 3 ਵਜੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਣਗੇ ਜਦੋਂਕਿ ਕਾਗਜ਼ਾਂ ਦੀ ਪੜਤਾਲ 5 ਸਤੰਬਰ ਕੀਤੀ ਜਾਵੇਗੀ ਅਤੇ ਉਮੀਦਵਾਰ ਉਸੇ ਦਿਨ ਹੀ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ। ਦੱਸਣਯੋਗ ਹੈ ਕਿ ਚੋਣ ਅਮਲ ਦੀ ਨਿਗਰਾਨੀ ਲਈ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੀ ਚੋਣ ਐਡਹਾਕ ਕਮੇਟੀ ਵਲੋਂ ਦੋ ਚੋਣ ਆਬਜ਼ਰਵਰ ਵੀ ਲਾਏ ਗਏ ਹਨ ਜੋ ਸਾਰੀ ਪ੍ਰਕਿਰਿਆ ’ਤੇ ਨਜ਼ਰ ਰੱਖ ਰਹੇ ਹਨ ਤਾਂ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਜਾ ਸਕਣ।