ਡਰਾਈਵਿੰਗ ਟੈਸਟ ਟਰੈਕ ’ਤੇ ਅੰਤਰਰਾਸ਼ਟਰੀ ਲਾਇਸੈਂਸ ਦੀ ਆਨਲਾਈਨ ਮਨਜ਼ੂਰੀ ਲਟਕੀ, ਲੋਕਾਂ ਦੀ ਪ੍ਰੇਸ਼ਾਨੀ ਬਰਕਰਾਰ
ਜਲੰਧਰ, 9 ਸਤੰਬਰ (ਸ਼ਿਵ)-ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਬੁੱਧਵਾਰ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਫੋਟੋ ਕਰਵਾਉਣ ਪਹੁੰਚੇ ਕਈ ਬਿਨੈਕਾਰਾਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਫੋਟੋ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਲਾਇਸੈਂਸ ਦੀ ਆਨਲਾਈਨ ਮਨਜ਼ੂਰੀ ਨਹੀਂ ਹੋ ਸਕੀ।
ਜਲੰਧਰ, 9 ਸਤੰਬਰ (ਸ਼ਿਵ)-ਜਲੰਧਰ ਦੇ ਡਰਾਈਵਿੰਗ ਟੈਸਟ ਟਰੈਕ ’ਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਬੁੱਧਵਾਰ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਫੋਟੋ ਕਰਵਾਉਣ ਪਹੁੰਚੇ ਕਈ ਬਿਨੈਕਾਰਾਂ ਨੂੰ ਉਸ ਸਮੇਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਫੋਟੋ ਦੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਲਾਇਸੈਂਸ ਦੀ ਆਨਲਾਈਨ ਮਨਜ਼ੂਰੀ ਨਹੀਂ ਹੋ ਸਕੀ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਟਰੈਕ ’ਤੇ ਬਿਜਲੀ ਦੀ ਸਮੱਸਿਆ ਬਣੀ ਰਹੀ, ਬਾਅਦ ਵਿੱਚ ਜਨਰੇਟਰ ਚਲਾਇਆ ਗਿਆ ਤਾਂ ਕਥਿਤ ਤੌਰ ’ਤੇ ਉਸ ਦਾ ਤੇਲ ਖਤਮ ਹੋ ਗਿਆ। ਹੁਣ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਫੋਟੋ ਕਰਵਾਉਣ ਤੋਂ ਬਾਅਦ ਵੀ ਆਨਲਾਈਨ ਮਨਜ਼ੂਰੀ ਦੀ ਉਡੀਕ ਕਰਨੀ ਪੈ ਰਹੀ ਹੈ। ਬਿਨੈਕਾਰਾਂ ਨੇ ਸਵਾਲ ਉਠਾਇਆ ਕਿ ਜਦੋਂ ਆਨਲਾਈਨ ਮਨਜ਼ੂਰੀ ਦੀ ਪ੍ਰਕਿਰਿਆ ਦਫ਼ਤਰ ਤੋਂ ਵੀ ਕੀਤੀ ਜਾ ਸਕਦੀ ਹੈ ਤਾਂ ਲੋਕਾਂ ਨੂੰ ਟਰੈਕ ’ਤੇ ਕੰਮ ਪੂਰਾ ਹੋਣ ਦੇ ਬਾਵਜੂਦ ਇੰਤਜ਼ਾਰ ਕਿਉਂ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਭਾਗ ਨੂੰ ਨਿਰਧਾਰਤ ਫੀਸ ਪੂਰੀ ਅਦਾ ਕਰਦੇ ਹਨ, ਇਸ ਦੇ ਬਾਵਜੂਦ ਜੇਕਰ ਕੰਮ ਸਮੇਂ ਸਿਰ ਪੂਰਾ ਨਹੀਂ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੈ? ਕੁਝ ਬਿਨੈਕਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੀਰਵਾਰ ਨੂੰ ਵਿਦੇਸ਼ ਜਾਣ ਦੀ ਫਲਾਈਟ ਸੀ। ਸਮੇਂ ਸਿਰ ਮਨਜ਼ੂਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਲੋਕਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਲਾਇਸੈਂਸ ਵਰਗੇ ਜ਼ਰੂਰੀ ਕੰਮ ਵਿੱਚ ਦੇਰੀ ਨਾਲ ਉਨ੍ਹਾਂ ਦੀ ਯਾਤਰਾ ਵੀ ਪ੍ਰਭਾਵਿਤ ਹੋ ਸਕਦੀ ਹੈ। ਬਿਨੈਕਾਰਾਂ ਨੇ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਲੰਧਰ ਡਰਾਈਵਿੰਗ ਟੈਸਟ ਟਰੈਕ ’ਤੇ ਨਿਯਮਤ ਤੌਰ ’ਤੇ ਪੱਕਾ ਏ.ਆਰ.ਟੀ.ਓ. ਤਾਇਨਾਤ ਕੀਤਾ ਜਾਵੇ, ਤਾਂ ਜੋ ਆਨਲਾਈਨ ਮਨਜ਼ੂਰੀ ਸਮੇਤ ਹੋਰ ਕੰਮ ਵੀ ਸਮੇਂ ਸਿਰ ਪੂਰੇ ਹੋ ਸਕਣ ਅਤੇ ਲੋਕਾਂ ਨੂੰ ਵਾਰ-ਵਾਰ ਦਫ਼ਤਰ ਅਤੇ ਟਰੈਕ ਦੇ ਚੱਕਰ ਨਾ ਲਗਾਉਣੇ ਪੈਣ। ਟਰੈਕ ’ਤੇ ਬਿਜਲੀ, ਜਨਰੇਟਰ ਅਤੇ ਲਾਇਸੈਂਸ ਮਨਜ਼ੂਰੀ ਨਾਲ ਸਬੰਧਤ ਸਮੱਸਿਆਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਲੋੜ ਹੈ ਕਿ ਵਿਭਾਗ ਇਨ੍ਹਾਂ ਸਮੱਸਿਆਵਾਂ ਦਾ ਸਥਾਈ ਹੱਲ ਕਰੇ ਅਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ।