ਕੰਸਲਟੈਂਸੀ ਏਜੰਸੀ ਵਾਲੇ ਤੋਂ 20 ਹਜ਼ਾਰ ਰੁਪਏ ਦੀ
ਵਸੂਲੀ ਕਰਨ ਵਾਲੇ ਖ਼ਿਲਾਫ਼ ਮੁਕੱਦਮਾ ਦਰਜ
ਜਲੰਧਰ, 26 ਅਕਤੂਬਰ (ਐੱਮ. ਐੱਸ.
ਜਲੰਧਰ, 26 ਅਕਤੂਬਰ (ਐੱਮ. ਐੱਸ. ਲੋਹੀਆ)-ਖੁਦ ਨੂੰ ਐਂਟੀ ਕੁਰੱਪਸ਼ਨ ਹਿਊਮੈਨ ਰਾਈਟਸ ਦਾ ਚੇਅਰਮੈਨ ਦੱਸ ਕੇ ਟ੍ਰੈਵਲ ਏਜੰਟ ਨੂੰ ਧਮਕਾਉਣ ਅਤੇ ਜਬਰੀ ਵਸੂਲੀ ਕਰਨ ਦੇ ਦੋਸ਼ ਤਹਿਤ ਪਰਵੀਨ ਕਜਲਾ ਉਰਫ਼ ਸਮਰਾਟ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਲਖਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਜ਼ਾਦ ਪੁੱਤਰ ਗੋਰਖ ਗੁਪਤਾ ਵਾਸੀ ਪਿੰਡ ਨੂਰਪੁਰ, ਮਕਸੂਦਾਂ ਨੇ ਸ਼ਿਕਾਇਤ ਦਿੱਤੀ ਸੀ, ਜਿਸ ’ਚ ਉਸ ਨੇ ਦੱਸਿਆ ਸੀ ਕਿ ਏ-ਡਰੀਮ ਓਵਰਸੀਜ਼ ਨਾਂਅ ਹੇਠ ਕਾਦੀਆਂ ਟਾਵਰ ਨੇੜੇ ਬੱਸ ਅੱਡਾ ਵਿਖੇ ਉਸ ਦਾ ਕੰਸਲਟੈਂਸੀ ਦਾ ਕੰਮ ਹੈ। ਪਰਵੀਨ ਕਜਲਾ ਉਰਫ਼ ਸਮਰਾਟ ਕਰੀਬ 2 ਮਹੀਨੇ ਪਹਿਲਾਂ ਆਪਣੇ ਕੁਝ ਸਾਥੀਆਂ ਸਮੇਤ ਉਸ ਦੇ ਦਫ਼ਤਰ ਆਇਆ, ਜਿਸ ਨੇ ਆਪਣੇ ਆਪ ਨੂੰ ਐਂਟੀ ਕੁਰੱਪਸ਼ਨ ਹਿਊਮੈਨ ਰਾਈਟਸ ਦਾ ਚੇਅਰਮੈਨ ਦੱਸ ਕੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਕੋਲੋਂ ਕੰਸਲਟੈਂਸੀ ਦਾ ਕੰਮ ਕਰਨ ਬਦਲੇ ਇਕ ਲੱਖ ਰੁਪਏ ਦੀ ਮੰਗ ਕੀਤੀ, ਪੈਸੇ ਨਾ ਦੇਣ ਦੀ ਸੂਰਤ ’ਚ ਉਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਉਸ ਨੂੰ ਬਦਨਾਮ ਕਰਨ ਬਾਰੇ ਕਿਹਾ। ਪੀੜਤ ਨੇ ਦੱਸਿਆ ਕਿ ਡਰਦੇ ਮਾਰੇ ਉਸ ਨੇ ਸਮਰਾਟ ਨੂੰ 10 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਪੈਸੇ ਦੇਣ ਲਈ ਕੁਝ ਸਮੇਂ ਦੀ ਮੰਗ ਕੀਤੀ। ਇਸ ਦੌਰਾਨ ਸਮਰਾਟ ਉਸ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕਰਦਾ ਰਿਹਾ। 21-10-2026 ਨੂੰ ਸਮਰਾਟ ਨੇ ਉਸ ਦੀ ਕੰਸਲਟੈਂਸੀ ਖ਼ਿਲਾਫ਼ ਇਕ ਝੂਠੀ ਵੀਡੀਓ ਸੋਸ਼ਲ ਮੀਡੀਆ ’ਤੇ ਪਾ ਦਿੱਤੀ, ਜਦੋਂ ਉਸ ਨੇ ਸਮਰਾਟ ਨੂੰ ਫੋਨ ਕਰਕੇ ਵੀਡੀਓ ਪਾਉਣ ਬਾਰੇ ਪੁੱਛਿਆ ਤਾਂ ਉਸ ਨੇ ਫਿਰ ਇਕ ਲੱਖ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਸਮਰਾਟ ਉਸ ਦੇ ਦਫ਼ਤਰ ਆਇਆ, ਤਾਂ ਉਸ ਨੇ ਆਪਣੇ ਮੁਲਾਜ਼ਮਾਂ ਦੇ ਸਾਹਮਣੇ ਸਮਰਾਟ ਨੂੰ 10 ਹਜ਼ਾਰ ਰੁਪਏ ਹੋਰ ਦਿੱਤੇ। ਇਸ ਦੇ ਬਾਵਜੂਦ 23-10-2026 ਨੂੰ ਸਮਰਾਟ ਨੇ ਉਸ ਨੂੰ ਫਿਰ ਫੋਨ ਕਰਕੇ ਮਾੜੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਪਰਵੀਨ ਕਜਲਾ ਉਰਫ਼ ਸਮਰਾਟ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।