ਆਰ.ਟੀ.ਓ. ਦਫ਼ਤਰ ਤੇ ਡਰਾਈਵਿੰਗ ਟੈਸਟ ਟਰੈਕ ਦੇ ਟੈਲੀਫੋਨ ਨੰਬਰ ਸਾਲਾਂ ਤੋਂ ਬੰਦ, ਲੋਕ ਹੋ ਰਹੇ ਖੱਜਲ-ਖੁਆਰ
ਜਲੰਧਰ, 18 ਨਵੰਬਰ (ਸ਼ਿਵ)- ਆਰ. ਟੀ.
ਜਲੰਧਰ, 18 ਨਵੰਬਰ (ਸ਼ਿਵ)- ਆਰ.ਟੀ.ਓ. ਦਫ਼ਤਰ ਤੇ ਡਰਾਈਵਿੰਗ ਟੈਸਟ ਟਰੈਕ ਦੇ ਟੈਲੀਫੋਨ ਨੰਬਰ ਪਿਛਲੇ ਕਈ ਸਾਲਾਂ ਤੋਂ ਖਰਾਬ ਪਏ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਇਹ ਜਾਣਕਾਰੀ ਹਾਸਲ ਕਰਨ ਦਾ ਕੋਈ ਆਸਾਨ ਸਾਧਨ ਨਹੀਂ ਹੈ ਕਿ ਸਬੰਧਤ ਅਧਿਕਾਰੀ ਜਾਂ ਕਲਰਕ ਦਫ਼ਤਰ ’ਚ ਮੌਜੂਦ ਹਨ ਜਾਂ ਨਹੀਂ। ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਲੋਕਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਰ.ਟੀ.ਓ. ਦਫ਼ਤਰ ਜਾਂ ਡਰਾਈਵਿੰਗ ਟੈਸਟ ਟਰੈਕ ਪਹੁੰਚਣਾ ਪੈਂਦਾ ਹੈ। ਪਰ ਉੱਥੇ ਪਹੁੰਚਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਸਬੰਧਤ ਅਧਿਕਾਰੀ ਜਾਂ ਕਲਰਕ ਛੁੱਟੀ ‘ਤੇ ਹਨ ਜਾਂ ਕਿਸੇ ਹੋਰ ਕੰਮ ਕਾਰਨ ਦਫ਼ਤਰ ਵਿਚ ਮੌਜੂਦ ਨਹੀਂ ਹਨ। ਜੇਕਰ ਦੋਵਾਂ ਥਾਵਾਂ ਦੇ ਲੈਂਡਲਾਈਨ ਨੰਬਰ ਠੀਕ ਕਰਵਾ ਕੇ ਨਿਯਮਿਤ ਤੌਰ ‘ਤੇ ਚਾਲੂ ਰੱਖੇ ਜਾਣ ਤਾਂ ਲੋਕ ਘਰ ਬੈਠੇ ਹੀ ਆਪਣੇ ਲੰਬਿਤ ਕੰਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਤੇ ਬੇਲੋੜੀ ਖੱਜਲ-ਖੁਆਰੀ ਤੋਂ ਬਚ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਜਾਵੇ।