ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਚਾਈਨਾ ਡੋਰ ਨੂੰ ਸਖ਼ਤੀ ਨਾਲ ਬੰਦ ਕਰੇ, ਜਿਸ ਕਾਰਨ ਹੁਣ ਤੱਕ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਹਨ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਈ ਹਰਨਿਰਪਾਲ ਸਿੰਘ ਕੁੱਕੂ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਾਵੇਂ ਇਸ ਚਾਈਨਾ ਡੋਰ ਨੂੰ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ, ਪਰ ਫ਼ਿਰ ਵੀ ਇਸ ਡੋਰ ਦਾ ਇਸਤੇਮਾਲ ਹੋਣਾ ਸਰਕਾਰ ਦੇ ਪ੍ਰਬੰਧਕੀ ਸਿਸਟਮ ਵਿਚ ਵੱਡੀ ਕਮਜ਼ੋਰੀ ਹੈ | ਉਨ੍ਹਾਂ ਦਸਵੀਂ ਦੇ ਵਿਦਿਆਰਥੀ ਤਰਨਜੋਤ ਸਿੰਘ ਪਿੰਡ ਰੋਹਲੇ (ਸਮਰਾਲਾ) ਦੀ ਚਾਈਨਾ ਡੋਰ ਨਾਲ ਸਕੂਲ ਤੋਂ ਵਾਪਸੀ ਆਉਂਦਿਆਂ ਧੌਣ ਵੱਢੇ ਜਾਣ ਕਾਰਨ ਅਤੇ ਲੁਧਿਆਣਾ ਵਿਖੇ ਇਕ ਹੋਰ ਔਰਤ ਦੀ ਹੋਈ ਦਰਦਨਾਕ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬੇਵਕਤ ਮੌਤਾਂ ਬਹੁਤ ਦੁਖਦਾਈ ਹਨ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਹੋਰ ਵੀ ਕਈ ਘਟਨਾਵਾਂ ਵਾਪਰੀਆਂ ਹਨ, ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਬਹੁਤ ਜ਼ਖ਼ਮੀ ਹੋ ਚੁੱਕੇ ਹਨ | ਇਸ ਤੋਂ ਇਲਾਵਾ ਪੰਛੀਆਂ ਅਤੇ ਹੋਰ ਜਾਨਵਰਾਂ ਦਾ ਵੀ ਚਾਈਨਾ ਡੋਰ ਕਾਰਨ ਵੱਡਾ ਨੁਕਸਾਨ ਹੋਇਆ ਹੈ | ਸਾਬਕਾ ਵਿਧਾਇਕ ਭਾਈ ਕੁੱਕੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਈਨਾ ਡੋਰ ਹੀ ਬੰਦ ਨਹੀਂ ਕਰ ਸਕਦੀ ਤਾਂ ਉਹ ਪੰਜਾਬ ਵਿਚੋਂ ਨਸ਼ੇ ਕਿਵੇਂ ਬੰਦ ਕਰੇਗੀ, ਜਿਸ ਦਾ ਬਹੁਤ ਵੱਡਾ ਨੈੱਟਵਰਕ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਾਬੰਦੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਹਰ ਤਰ੍ਹਾਂ ਦੀ ਖ਼ਤਰਨਾਕ ਡੋਰ ਨੂੰ ਬੰਦ ਕਰਨਾ ਚਾਹੀਦਾ ਹੈ |