ਸ੍ਰੀ ਮੁਕਤਸਰ ਸਾਹਿਬ, 28 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-'ਗੈਂਗਸਟਰਾਂ 'ਤੇ ਵਾਰ' ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਜਨਤਕ ਸੁਰੱਖਿਆ ਤੇ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਅਤੇ ਲੋਕਾਂ ਵਿਚ ਸੁਰੱਖਿਆ ਸਦਭਾਵਨਾ ਬਣਾਈ ਰੱਖਣ ਲਈ ਰੇਲਵੇ ਸਟੇਸ਼ਨਾਂ 'ਤੇ ਵਿਸ਼ੇਸ਼ ਸਰਚ ਆਪ੍ਰੇਸ਼ਨ ਚਲਾਇਆ ਗਿਆ | ਇਹ ਸਰਚ ਅਭਿਆਨ ਅਭਿਮੰਨਿਊ ਰਾਣਾ ਐੱਸ.ਐੱਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੀਆਂ ਚਾਰੇ ਸਬ ਡਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੇ ਲੰਬੀ ਦੇ ਰੇਲਵੇ ਸਟੇਸ਼ਨਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚਲਾਇਆ ਗਿਆ | ਐੱਸ.ਐੱਸ.ਪੀ. ਦੀ ਅਗਵਾਈ ਹੇਠ ਬਚਨ ਸਿੰਘ ਡੀ.ਐੱਸ.ਪੀ. (ਸ੍ਰੀ ਮੁਕਤਸਰ ਸਾਹਿਬ), ਨਵੀਨਪਾਲ ਸਿੰਘ ਡੀ.ਐੱਸ.ਪੀ. (ਮਲੋਟ), ਅਰੁਣ ਮੁੰਡਨ ਡੀ.ਐੱਸ.ਪੀ. (ਗਿੱਦੜਬਾਹਾ) ਅਤੇ ਹਰਬੰਸ ਸਿੰਘ ਡੀ.ਐੱਸ.ਪੀ. (ਲੰਬੀ) ਵਲੋਂ ਪੁਲਿਸ ਕਰਮਚਾਰੀਆਂ ਸਮੇਤ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ 'ਤੇ ਸਰਚ ਆਪ੍ਰੇਸ਼ਨ ਕੀਤਾ ਗਿਆ | ਇਸ ਮੌਕੇ 220 ਤੋਂ ਵੱਧ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਸਨ | ਇਸ ਮੌਕੇ ਰੇਲਵੇ ਸਟੇਸ਼ਨਾਂ ਵਿਖੇ ਸ਼ੱਕੀ ਵਿਅਕਤੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਕੀਤੀ ਗਈ | ਪੀ.ਏ.ਆਈ.ਐੱਸ.ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਦੀ ਜਾਂਚ ਕੀਤੀ ਗਈ | ਵਾਹਨ ਐਪ ਰਾਹੀਂ ਪਾਰਕਿੰਗ 'ਚ ਖੜ੍ਹੇ ਵਾਹਨਾਂ ਦੀ ਪੁਸ਼ਟੀ ਕੀਤੀ ਗਈ | ਐਂਟੀ ਸਾਬੋਟਾਜ਼ ਟੀਮਾਂ ਵਲੋਂ ਰੇਲਵੇ ਪਲੇਟਫਾਰਮ, ਵੇਟਿੰਗ ਹਾਲ, ਟਿਕਟ ਘਰ, ਪਾਰਕਿੰਗ ਅਤੇ ਸਟੇਸ਼ਨ ਦੇ ਆਲੇ-ਦੁਆਲੇ ਇਲਾਕਿਆਂ ਦੀ ਤਲਾਸ਼ੀ ਕੀਤੀ ਗਈ | ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨਾਲ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਸੰਬੰਧੀ ਜਾਗਰੂਕ ਕੀਤਾ ਗਿਆ | ਐੱਸ.ਐੱਸ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਅਜਿਹੇ ਸਰਚ ਆਪ੍ਰੇਸ਼ਨ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਜਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਜਦੋਂ ਲੋਕ ਪੁਲਿਸ ਨਾਲ ਮਿਲ ਕੇ ਕੰਮ ਕਰਦੇ ਹਨ, ਤਾਂ ਸਮਾਜ ਵਿਚ ਅਸਲ ਤਬਦੀਲੀ ਜ਼ਰੂਰ ਆਉਂਦੀ ਹੈ |