ਸ੍ਰੀ ਮੁਕਤਸਰ ਸਾਹਿਬ, 25 ਫ਼ਰਵਰੀ (ਹਰਮਹਿੰਦਰ ਪਾਲ)-ਜਨਵਰੀ ਤੋਂ ਸਵੱਛਤਾ ਸਰਵੇਖਣ ਚੱਲ ਰਿਹਾ ਹੈ, ਪਰ ਨਗਰ ਕੌਂਸਲ ਅਧਿਕਾਰੀ ਆਪਣੀ ਆਦਤ ਅਨੁਸਾਰ ਇਸ ਵਾਰ ਵੀ ਸਰਵੇਖਣ ਨੂੰ ਲੈ ਕੇ ਗੰਭੀਰ ਦਿਖਾਈ ਨਹੀਂ ਦੇ ਰਹੇ | ਥਾਂ-ਥਾਂ ਗੰਦਗੀ ਫ਼ੈਲੀ ਹੈ | ਕੂੜਾ ਚੁੱਕਿਆ ਨਹੀਂ ਜਾ ਰਿਹਾ | ਪਿਛਲੇ ਸਾਲ ਦੇ ਸਰਵੇਖਣ ਵਿਚ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਸੂਬੇ ਵਿਚ 9ਵੇਂ ਸਥਾਨ ਤੋਂ ਖਿਸਕ ਕੇ ਸਿੱਧਾ 150ਵੇਂ ਸਥਾਨ 'ਤੇ ਆ ਗਿਆ ਹੈ | ਸਫ਼ਾਈ ਨੂੰ ਲੈ ਕੇ ਬਹੁਤ ਸਾਰੀਆਂ ਕਮੀਆਂ ਦੇਖਣ ਨੂੰ ਮਿਲੀਆਂ | ਅਲੱਗ-ਅਲੱਗ ਕੈਟਾਗਿਰੀ ਵਿਚ ਨਗਰ ਕੌਂਸਲ ਬੁਰੀ ਤਰ੍ਹਾਂ ਪਿਛੜੀ ਸੀ | ਇਸ ਦੇ ਬਾਵਜੂਦ ਹੁਣ ਜਦਕਿ ਕੰਮ ਵਿਚ ਸੁਧਾਰ ਦੀ ਜ਼ਰੂਰਤ ਸੀ, ਤਾਂ ਸ਼ਹਿਰ ਦੇ ਹਾਲਾਤ ਪਹਿਲਾਂ ਤੋਂ ਵੀ ਖ਼ਰਾਬ ਦਿਖ ਰਹੇ ਹਨ | ਦੱਸਣਯੋਗ ਹੈ ਕਿ ਨਗਰ ਕੌਂਸਲ ਦੇ ਅਧੀਨ 31 ਵਾਰਡ ਆਉਂਦੇ ਹਨ | ਸ਼ਹਿਰ ਵਿਚ ਲਗਾਤਾਰ ਕਰਮਚਾਰੀਆਂ ਦੀ ਕਮੀ ਰਹਿੰਦੀ ਹੈ, ਪਰ ਇਸ ਸਾਲ ਸ਼ੁਰੂਆਤ ਵਿਚ 119 ਕਰਮਚਾਰੀਆਂ ਦੀ ਭਰਤੀ ਕੀਤੀ ਗਈ ਅਤੇ ਗੱਡੀਆਂ ਵੀ ਮੁਹੱਈਆ ਕਰਵਾਈਆਂ ਗਈਆਂ | ਇਸ ਦੇ ਬਾਵਜੂਦ ਸ਼ਹਿਰ ਦੇ ਕੋਟਲੀ ਰੋਡ, ਬੂੜਾ ਗੁੱਜਰ ਰੋਡ, ਸ਼ੇਰ ਸਿੰਘ ਚੌਂਕ ਸਣੇ ਵੱਖ-ਵੱਖ ਸਥਾਨਾਂ 'ਤੇ ਕੂੜੇ ਦੇ ਢੇਰ ਲੱਗੇ ਹਨ, ਜਿਨ੍ਹਾਂ ਨੂੰ ਰੋਜ਼ਾਨਾ ਚੁੱਕਿਆ ਨਹੀਂ ਜਾ ਰਿਹਾ | ਸ਼ੇਰ ਸਿੰਘ ਚੌਂਕ ਦੇ ਡੰਪ ਦੇ ਬਾਹਰ ਤੱਕ ਕੂੜਾ ਫ਼ੈਲਿਆ ਆਮ ਦਿਖਾਈ ਦਿੰਦਾ ਹੈ, ਜਿਸ ਨਾਲ ਲੋਕਾਂ ਤੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉੱਥੇ ਜਨਤਕ ਪਖਾਨੇ ਜਿਸ ਵਿਚ ਪਿਛਲੇ ਸਾਲ ਵੀ ਬੁਰੀ ਤਰ੍ਹਾਂ ਪਿਛੜੇ ਸੀ, ਉਨ੍ਹਾਂ ਦੇ ਹਾਲਾਤ ਹਾਲੇ ਵੀ ਮਾੜੇ ਹੀ ਹਨ | ਅਧਿਕਾਰੀ ਸ਼ਹਿਰ ਦੀ ਸਵੱਛਤਾ ਵੱਲ ਧਿਆਨ ਨਹੀਂ ਦੇ ਰਹੇ, ਜਿਸ ਕਾਰਨ ਇਹ ਹਾਲਾਤ ਬਣੇ ਹੋਏ ਹਨ | ਜਿਸ ਤਰੀਕੇ ਨਾਲ ਨਗਰ ਕੌਂਸਲ ਅਧਿਕਾਰੀ ਕੰਮ ਕਰ ਰਹੇ ਹਨ, ਇਸ ਤੋਂ ਲਗਦਾ ਹੈ ਕਿ ਇਸ ਵਾਰ ਸਵੱਛਤਾ ਸਰਵੇਖਣ ਵਿਚ ਅਸੀਂ ਪਿੱਛੇ ਰਹਾਂਗੇ | ਸ਼ਹਿਰ ਵਿਚ ਖ਼ਾਲੀ ਪਏ ਪਲਾਟ ਵੀ ਕੂੜੇ ਦੇ ਡੰਪ ਦਾ ਰੂਪ ਧਾਰਨ ਕਰ ਚੁੱਕੇ ਹਨ | ਪ੍ਰਸ਼ਾਸਨ ਪਹਿਲਾਂ ਵੀ ਖ਼ਾਲੀ ਪਏ ਪਲਾਟਾਂ ਵਿਚ ਕੂੜਾ ਕਰਕਟ, ਗੰਦਗੀ ਅਤੇ ਗੰਦੇ ਪਾਣੀ ਨੂੰ ਰੋਕਣ ਸੰਬੰਧੀ ਹੁਕਮ ਜਾਰੀ ਕਰ ਚੁੱਕਾ ਹੈ, ਇਸ ਦੇ ਬਾਵਜੂਦ ਲੋਕ ਘਰਾਂ ਦਾ ਕੂੜਾ ਜਨਤਕ ਥਾਂਵਾਂ ਅਤੇ ਖ਼ਾਲੀ ਪਲਾਟਾਂ ਵਿਚ ਸੁੱਟਣ ਤੋਂ ਨਹੀਂ ਰੁਕ ਰਹੇ | ਨਗਰ ਕੌਂਸਲ ਦੇ ਈ.ਓ. ਵਰੁਣ ਸਹੋਤਾ ਨੇ ਕਿਹਾ ਕਿ ਸ਼ਹਿਰ ਵਿਚ ਹਰ ਖੇਤਰ ਵਿਚੋਂ ਕੂੜਾ ਚੁੱਕ ਰਹੇ ਹਾਂ | ਜਿਥੇ ਕਿਤੇ ਸਮੱਸਿਆ ਆ ਰਹੀ ਹੈ, ਉੱਥੇ ਕਰਮਚਾਰੀਆਂ ਨੂੰ ਸਖ਼ਤੀ ਨਾਲ ਸ਼ਹਿਰ ਨੂੰ ਸਵੱਛ ਰੱਖਣ ਲਈ ਬੋਲ ਰਹੇ ਹਾਂ |