ਡੱਬਵਾਲੀ, 26 ਫ਼ਰਵਰੀ (ਇਕਬਾਲ ਸਿੰਘ ਸ਼ਾਂਤ)-ਗੋਲ ਬਾਜ਼ਾਰ ਚੌਂਕੀ ਦੇ ਸਟਾਫ਼ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਉਨ੍ਹਾਂ ਸੜਕ 'ਤੇ ਪਏ ਮਿਲੇ ਸੋਨੇ ਤੇ ਚਾਂਦੀ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਉਨ੍ਹਾਂ ਦੇ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੀ | ਗੋਲ ਬਾਜ਼ਾਰ ਚੌਂਕੀ ਦੇ ਮੁਖੀ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ 25 ਫ਼ਰਵਰੀ ਦੀ ਰਾਤ ਨੂੰ ਏ.ਐੱਸ.ਆਈ. ਜਗਜੀਤ ਸਿੰਘ ਤੇ ਐੱਸ.ਪੀ.ਓ. ਰਣਵੀਰ ਸਿੰਘ ਸ਼ਹਿਰ ਵਿਚ ਪਰਸ਼ੂਰਾਮ ਚੌਂਕ 'ਤੇ ਗਸ਼ਤ ਕਰ ਰਹੇ ਸਨ | ਉਨ੍ਹਾਂ ਨੂੰ ਸੜਕ ਕਿਨਾਰੇ ਇਕ ਸ਼ੱਕੀ ਪੋਲੀਥੀਨ ਬੈਗ ਮਿਲਿਆ | ਜਾਂਚ ਕਰਨ 'ਤੇ ਉਨ੍ਹਾਂ ਨੂੰ ਸੋਨੇ ਤੇ ਚਾਂਦੀ ਦੇ ਗਹਿਣੇ, ਨਕਦੀ ਅਤੇ ਇਕ ਆਧਾਰ ਕਾਰਡ ਮਿਲਿਆ | ਆਧਾਰ ਕਾਰਡ ਜ਼ਰੀਏ ਮਾਲਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਥਰਾਲਾ (ਬਠਿੰਡਾ) ਵਜੋਂ ਹੋਈ | ਜ਼ਰੂਰੀ ਤਸਦੀਕ ਤੋਂ ਬਾਅਦ ਗਹਿਣੇ ਤੇ ਨਕਦੀ ਉਸ ਨੂੰ ਸੁਰੱਖਿਅਤ ਵਾਪਸ ਕਰ ਦਿੱਤੀ ਗਈ | ਗਹਿਣੇ ਵਾਪਸ ਮਿਲਣ 'ਤੇ ਮਾਲਕ ਨੇ ਡੱਬਵਾਲੀ ਪੁਲਿਸ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ |