ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੁਲਿਸ ਵਲੋਂ 'ਸੰਪਰਕ ਪ੍ਰੋਗਰਾਮ-2' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਮੁਹਿੰਮ ਦਾ ਉਦੇਸ਼ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣਾ, ਨਸ਼ਿਆਂ ਅਤੇ ਅਪਰਾਧ ਵਿਰੁੱਧ ਸਾਂਝੀ ਲੜਾਈ ਲੜਨੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਨਿਵਾਰਨ ਕਰਨਾ ਹੈ | ਇਸੇ ਕੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਵਿਸ਼ੇਸ਼ ਜਨ-ਸੰਪਰਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਅਗਵਾਈ ਹਰਕਮਲ ਕੌਰ ਐੱਸ.ਪੀ. (ਹੈੱਡ ਕੁਆਰਟਰ) ਅਤੇ ਡੀ.ਐੱਸ.ਪੀ. ਹਰਜੀਤ ਸਿੰਘ ਸੀ.ਏ. ਡਬਲਯੂ ਐਂਡ ਸੀ ਵਲੋਂ ਕੀਤੀ ਗਈ | ਇਸ ਮੌਕੇ ਅਧਿਕਾਰੀਆਂ ਨੇ ਹਾਜ਼ਰੀਨ ਨੂੰ ਪੰਜਾਬ ਪੁਲਿਸ ਵਲੋਂ ਰਾਜ ਭਰ 'ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ, ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਲਏ ਜਾ ਰਹੇ ਕਦਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸੰਬੋਧਨ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਤੇ ਸਮਾਜ ਦੀ ਸਾਂਝੀ ਭੂਮਿਕਾ ਬਹੁਤ ਜ਼ਰੂਰੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ, ਸ਼ੱਕੀ ਗਤੀਵਿਧੀ ਜਾਂ ਅਪਰਾਧ ਸੰਬੰਧੀ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ | ਪੁਲਿਸ ਵਲੋਂ ਜਾਣਕਾਰੀ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਣ ਦੀ ਪੂਰੀ ਯਕੀਨੀ ਬਣਾਈ ਜਾਂਦੀ ਹੈ | ਸੈਮੀਨਾਰ ਵਿਚ ਅਗਰਵਾਲ ਸਭਾ ਮੁਕਤਸਰ ਦੇ ਪ੍ਰਧਾਨ ਤਰਸੇਮ ਗੋਇਲ, ਵਾਈਸ ਪ੍ਰਧਾਨ ਸੁਨੀਲ ਕੁਮਾਰ, ਵਾਈਸ ਪ੍ਰਧਾਨ ਕੁਲਦੀਪ ਗੋਇਲ, ਰਾਜਨ ਗੋਇਲ, ਰਾਜਨ ਬਾਂਸਲ, ਆਦੇਸ਼ ਕੁਮਾਰ ਸ਼ਰਮਾ, ਨਵੀਨ ਕੁਮਾਰ ਤੇ ਅਭਿਸ਼ੇਕ ਕਿਰਾੜ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ | ਹਾਜ਼ਰੀਨ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਹਮੇਸ਼ਾ ਸਹਿਯੋਗ ਦੇਣਗੇ | ਮੀਟਿੰਗ ਦੌਰਾਨ ਲੋਕਾਂ ਨਾਲ ਖੁੱਲ੍ਹੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਗਿਆ |