ਸ੍ਰੀ ਮੁਕਤਸਰ ਸਾਹਿਬ, 26 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਸਮਾਜਿਕ ਸੁਰੱਖਿਆ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਯੋਗਾ ਕੈਂਪ ਬਿਰਧ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਆਯੂਰਵੈਦਿਕ ਵਿਭਾਗ ਤੋਂ ਆਏ ਆਯੂਰਵੈਦਿਕ ਮੈਡੀਕਲ ਅਫ਼ਸਰ ਡਾਕਟਰ ਮੋਨਿਕਾ ਗਿਰਧਰ, ਡਾਕਟਰ ਸ਼ਿਲਪਾ ਭੌਣ ਤੇ ਡਾਕਟਰ ਗੁਰਪ੍ਰੀਤ ਸਿੰਘ ਡੀ.ਏ.ਯੂ.ਓ. ਵਲੋਂ ਸੀਨੀਅਰ ਸਿਟੀਜ਼ਨ ਨੂੰ ਯੋਗਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਬਜ਼ੁਰਗਾਂ ਨੂੰ ਯੋਗ ਵੀ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਯੋਗ ਅਭਿਆਸ ਰਾਹੀਂ ਅਸੀਂ ਆਪਣੇ-ਆਪ ਨੂੰ ਚਿੰਤਾਮੁਕਤ ਕਰਦੇ ਹਾਂ, ਜਿਸ ਨਾਲ ਮਨ ਤੇ ਸਾਡੇ ਸਰੀਰ ਨੂੰ ਸ਼ਾਂਤੀ ਮਿਲਦੀ ਹੈ | ਇਸੇ ਤਰ੍ਹਾਂ ਯੋਗ ਕਰਨ ਨਾਲ ਅਸੀਂ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਹੁੰਦੇ ਹਾਂ | ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਾਜਵੰਤ ਕੌਰ ਅਤੇ ਬਿਰਧ ਆਸ਼ਰਮ ਦਾ ਸਟਾਫ਼ ਆਦਿ ਹਾਜ਼ਰ ਸਨ |