ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਹਰਮਹਿੰਦਰ ਪਾਲ)-ਸਿਵਲ ਸਰਜਨ ਡਾ. ਸੁਨੀਲ ਬਾਂਸਲ ਦੀ ਅਗਵਾਈ 'ਚ ਦਫ਼ਤਰ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਸੀ. ਐੱਚ. ਓਜ਼. ਨੂੰ ਸਰੀਰ ਦੇ ਵੱਖ-ਵੱਖ ਅੰਗਾਂ ਦੇ ਕੈਂਸਰੇ ਸੰਬੰਧੀ ਟ੍ਰੇਨਿੰਗ ਦਿੱਤੀ ਗਈ | ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਜੇਕਰ ਕੈਂਸਰ ਸੰਬੰਧੀ ਲੋਕ ਜਾਗਰੂਕ ਹੋਣਗੇ ਤਾਂ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚ ਸਕਦੇ ਹਨ | ਇਸ ਮੌਕੇ ਡਾ. ਆਸਥਾ ਪਥਾਲੋਜਿਸਟ, ਡਾ. ਇਕਬਾਲ ਸਿੰਘ ਡੀ.ਡੀ.ਐੱਚ.ਓ. ਅਤੇ ਡਾ. ਗੁਰਮੀਤ ਕੌਰ ਭੰਡਾਰੀ ਨੇ ਸੀ. ਐੱਚ. ਓਜ਼. ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਨੂੰ ਛਾਤੀ ਵਿਚ ਗਿਲਟੀ, ਲਗਾਤਾਰ ਖੰਘ ਤੇ ਆਵਾਜ਼ ਵਿਚ ਭਾਰੀਪਣ, ਮਾਹਮਾਰੀ ਵਿਚ ਜ਼ਿਆਦਾ ਖ਼ੂਨ ਆਉਣਾ, ਮੂੰਹ ਦੇ ਛਾਲੇ ਠੀਕ ਨਾ ਹੋਣਾ, ਭੁੱਖ ਘੱਟ ਲੱਗਣਾ, ਬਿਨਾਂ ਕਿਸੇ ਕਾਰਨ ਭਾਰ ਘਟਣਾ ਆਦਿ ਲੱਛਣ ਦਿਸਣ, ਤਾਂ ਉਸ ਨੂੰ ਨੇੜੇ ਦੀ ਸਿਹਤ ਸੰਸਥਾ ਤੋਂ ਆਪਣੇ ਕੈਂਸਰ ਸੰਬੰਧੀ ਟੈੱਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ, ਤਾਂ ਜੋ ਜਲਦੀ ਪਹਿਚਾਣ ਕਰਕੇ ਇਲਾਜ ਕੀਤਾ ਜਾ ਸਕੇ | ਉਨ੍ਹਾਂ ਸੀ. ਐੱਚ. ਓ. ਨੂੰ ਕਿਹਾ ਕਿ 30 ਸਾਲ ਤੋਂ ਉਪਰ ਹਰੇਕ ਔਰਤ ਨੂੰ ਛਾਤੀ ਦੇ ਕੈਂਸਰ, ਸਰਵਾਈਕਲ ਕੈਂਸਰ ਤੇ ਹੋਰ ਤਰ੍ਹਾਂ ਦੇ ਕੈਂਸਰ ਤੋਂ ਬਚਣ ਲਈ ਸਾਲ ਵਿਚ ਇਕ ਵਾਰ ਟੈੱਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ | ਇਸ ਮੌਕੇ ਕੁਲਤਾਰ ਸਿੰਘ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਿਹਾ ਕਿ ਸਾਨੂੰ ਫ਼ਸਲਾਂ ਉਪਰ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਇਸ ਮੌਕੇ ਲਾਲ ਚੰਦ ਮਾਸ ਮੀਡੀਆ, ਦੀਪਕ ਕੁਮਾਰ ਡੀ. ਪੀ. ਐੱਮ., ਭਗਵਾਨ ਦਾਸ ਤੇ ਗਗਨਦੀਪ ਕੌਰ ਹਾਜ਼ਰ ਸਨ |