ਗਿੱਦੜਬਾਹਾ, 5 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਚ ਬੀਤੇ ਦਿਨ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕਿ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ ਗੋਲੀ ਚੱਲਣ ਨਾਲ ਇਕ ਜਣੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪੁਲਿਸ ਨੇ ਇਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਇਕ ਜਣਾ ਫ਼ਰਾਰ ਦੱਸਿਆ ਜਾ ਰਿਹਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਜੈ ਕੁਮਾਰ ਉਰਫ਼ ਮਨੀ ਨੇ ਦੱਸਿਆ ਕਿ ਅਨਮੋਲ ਸਿੰਘ ਪੁੱਤਰ ਪ੍ਰਕਾਸ਼ ਦੋਸ਼ੀ ਪਾਸੋਂ ਕੁਝ ਸਮਾਂ ਪੈਸੇ ਉਧਾਰ ਲਏ ਸਨ ਅਤੇ ਉਸ ਨੇ ਉਧਾਰ ਲੈਏ ਪੈਸੇ ਅਨਮੋਲ ਸਿੰਘ ਨੂੰ ਵਾਪਸ ਕਰ ਦਿੱਤੇ ਸਨ | ਪੀੜਤ ਨੇ ਕਿਹਾ ਕਿ ਉਹ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ, ਤਾਂ ਰਸਤੇ ਵਿਚ ਅਨਮੋਲ ਸਿੰਘ ਆਪਣੀ ਕਾਰ ਕੋਲ ਖੜ੍ਹਾ ਅਤੇ ਉਸ ਦੇ ਨਜ਼ਦੀਕ ਹਨੀ ਵੀ ਮੌਜੂਦ ਸੀ | ਉਨ੍ਹਾਂ ਨੇ ਉਸ ਨੂੰ ਰੋਕ ਕੇ ਹੋਰ ਪੈਸੇ ਦੇਣ ਲਈ ਕਿਹਾ, ਪ੍ਰੰਤੂ ਉਸ ਨੇ ਕਿਹਾ ਕਿ ਸਾਰੇ ਪੈਸੇ ਵਾਪਸ ਕਰ ਦਿੱਤੇ ਹਨ | ਪੀੜਤ ਨੇ ਦੱਸਿਆ ਕਿ ਉਨ੍ਹਾਂ ਆਪਣੇ ਭਰਾ ਕਸ਼ਮੀਰ ਸਿੰਘ ਉਰਫ਼ ਅਮਰੀਕ ਸਿੰਘ ਸਮੇਤ ਕਥਿਤ ਦੋਸ਼ੀ ਨੂੰ ਕਿਹਾ ਕਿ ਉਹ ਹੋਰ ਪੈਸੇ ਨਹੀਂ ਦੇਵੇਗਾ, ਕਿਉਂਕਿ ਉਸ ਨੇ ਸਾਰੇ ਪੈਸੇ ਵਾਪਸ ਦੇ ਦਿੱਤੇ ਹਨ | ਇਸ ਦੌਰਾਨ ਅਨਮੋਲ ਸਿੰਘ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਕਿ ਉਸ ਦੇ ਭਰਾ ਕਸ਼ਮੀਰ ਸਿੰਘ ਉਰਫ਼ ਅਮਰੀਕ ਸਿੰਘ ਦੇ ਪੇਟ ਵਿਚ ਲੱਗੀ | ਇਸ ਦੌਰਾਨ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ | ਉਹ ਆਪਣੇ ਭਰਾ ਕਸ਼ਮੀਰ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਗਿੱਦੜਬਾਹਾ ਲੈ ਕੇ ਗਏ, ਪ੍ਰੰਤੂ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਬਠਿੰਡਾ ਏਮਜ਼ ਲਈ ਭੇਜ ਦਿੱਤਾ ਗਿਆ ਹੈ | ਡੀ.ਐੱਸ.ਪੀ. ਅਰੁਨ ਮੁੰਡਨ ਨੇ ਦੱਸਿਆ ਕਿ ਪੀੜਤ ਅਜੈ ਕੁਮਾਰ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕਰਦਿਆਂ ਅਨਮੋਲ ਸਿੰਘ ਪੁੱਤਰ ਪ੍ਰਕਾਸ਼ ਦੋਸ਼ੀ ਅਤੇ ਹਨੀ ਪੁੱਤਰ ਧਰਮਪਾਲ ਧਾਮੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਕਥਿਤ ਦੋਸ਼ੀ ਹਨੀ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਮੁੱਖ ਮੁਜ਼ਰਮ ਅਨਮੋਲ ਸਿੰਘ ਅਜੇ ਫ਼ਰਾਰ ਹੈ | ਉਨ੍ਹਾਂ ਦੱਸਿਆ ਕਿ ਜ਼ਖ਼ਮੀ ਕਸ਼ਮੀਰ ਸਿੰਘ ਜੇਰੇ ਇਲਾਜ ਹੈ ਅਤੇ ਅਜੇ ਤੱਕ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ |