ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਰਣਜੀਤ ਸਿੰਘ ਢਿੱਲੋਂ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਘਰ ਤੱਕ ਰੋਸ ਮਾਰਚ ਕਰਕੇ ਮੰਗ ਪੱਤਰ ਦਿੱਤਾ ਗਿਆ | ਵਿਧਾਇਕ ਘਰ ਨਾ ਹੋਣ ਕਰਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ ਵਲੋਂ ਇਹ ਮੰਗ ਪੱਤਰ ਪ੍ਰਾਪਤ ਕੀਤਾ ਗਿਆ | ਇਹ ਜਾਣਕਾਰੀ ਦਿੰਦਿਆਂ ਮੋਰਚੇ ਦੇ ਜ਼ਿਲ੍ਹਾ ਆਗੂ ਬਲਜੀਤ ਸਿੰਘ ਭੱਟੀ, ਕੇਸਰ ਸਿੰਘ, ਮਨਜਿੰਦਰ ਸਿੰਘ, ਸੁਰਜੀਤ ਸਿੰਘ ਤੱਖੀ, ਜੀਤ ਸਿੰਘ, ਬਿਕਰਮਜੀਤ ਸਿੰਘ ਕਪੂਰ ਅਤੇ ਗੁਰਸੇਵਕ ਸਿੰਘ ਰੰਧਾਵਾ ਨੇ ਕਿਹਾ ਮੌਜੂਦਾ ਸਰਕਾਰ ਜਿਹੜੀ ਇਕ ਬਦਲਾਅ ਦੇ ਧੋਖੇ ਹੇਠ ਸੱਤਾ ਦੀ ਕੁਰਸੀ 'ਤੇ ਬਿਰਾਜਮਾਨ ਹੋਈ ਹੈ, ਇਹ ਸਰਕਾਰ ਸਾਡੇ ਨਾਲ ਧੱਕਾ ਤੇ ਬੇਇਨਸਾਫ਼ੀ ਕਰਨ ਦੇ ਮਾਮਲੇ ਵਿਚ ਪਿਛਲੀਆਂ ਸਰਕਾਰਾਂ ਨੂੰ ਵੀ ਮਾਤ ਪਾ ਰਹੀ ਹੈ | ਮੁਲਾਜ਼ਮਾਂ ਨੂੰ ਸਰਕਾਰੀ ਵਿਭਾਗਾਂ ਵਿਚ ਲਿਆ ਕੇ ਰੈਗੂਲਰ ਕਰਨ ਦੀ ਥਾਂ ਬਾਹਰੋਂ ਪੱਕੀ ਭਰਤੀ ਕਰਨ ਦੇ ਧੋਖੇ ਨਾਲ ਠੇਕਾ ਰੁਜ਼ਗਾਰ 'ਤੇ ਨਿੱਜੀਕਰਨ, ਪੰਚਾਇਤੀਕਰਨ ਦਾ ਹੱਲਾ ਬੋਲ ਦਿੱਤਾ ਹੈ | ਇਸੇ ਲਈ ਪੱਕੇ ਹੋਣ ਦਾ ਹੱਕ ਹਾਸਿਲ ਕਰਨ ਦੀ ਥਾਂ ਇਸ ਸਮੇਂ ਉਨ੍ਹਾ ਨੂੰ ਠੇਕਾ ਰੁਜ਼ਗਾਰ ਦੀ ਰਾਖੀ ਲਈ ਲੜਨਾ ਪੈਣਾ ਹੈ | ਇਸ ਮੌਕੇ ਮੰਗ ਕੀਤੀ ਗਈ ਕਿ ਵਿਧਾਨ ਸਭਾ ਸੈਸ਼ਨ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਸਾਲਾਂਬੱਧੀ ਅਰਸੇ ਤੋਂ ਬਤੌਰ ਆਊਟਸੋਰਸ, ਇਨਲਿਸਟਮੈਂਟ, ਕੰਪਨੀਆਂ, ਠੇਕੇਦਾਰਾਂ, ਸੁਸਾਇਟੀਆਂ, ਦਿਹਾੜੀਦਾਰ, ਡੇਲੀਵੇਜ ਆਦਿ ਕੈਟਾਗਿਰੀਆਂ ਰਾਹੀਂ ਸੇਵਾਵਾਂ ਦੇ ਰਹੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਘੱਟੋ-ਘੱਟ ਉਜ਼ਰਤ ਦੇ ਕਾਨੂੰਨ 1948 ਤੇ 15ਵੀਂ ਲੇਬਰ ਕਾਨਫ਼ਰੰਸ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਤਨਖ਼ਾਹ ਦੀ ਅਦਾਇਗੀ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਮੰਗ ਹੈ ਕਿ ਸਰਕਾਰ ਗੱਲਬਾਤ ਰਾਹੀਂ ਮੰਗਾਂ ਤੇ ਮਸਲਿਆਂ ਦਾ ਹੱਲ ਕਰੇ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਮੰਗਾਂ ਪ੍ਰਵਾਨ ਨਾ ਕੀਤੀਆਂ, ਤਾਂ 22 ਮਾਰਚ ਤੋਂ 5 ਅਪ੍ਰੈਲ ਤੱਕ ਵਿੱਤ ਮੰਤਰੀ ਪੰਜਾਬ ਸਰਕਾਰ ਦੇ ਹਲਕੇ ਦਿੜ੍ਹਬਾ ਵਿਚ ਲਗਾਤਾਰ ਝੰਡਾ ਮਾਰਚ ਕੀਤਾ ਜਾਵੇਗਾ ਅਤੇ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਕੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਇਸ ਤੋਂ ਇਲਾਵਾ 6 ਮਾਰਚ ਨੂੰ ਬਠਿੰਡਾ ਰੈਲੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ ਅਤੇ ਸੰਘਰਸ਼ ਨੂੰ ਤੇਜ਼ ਕਰਨ ਦਾ ਫ਼ੈਸਲਾ ਕੀਤਾ | ਇਸ ਮੌਕੇ ਤਰਲੋਕ ਸਿੰਘ, ਜਸਵੀਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਮੁਸਕਾਨ, ਬਬੀਤਾ, ਸੌਰਵ ਮਿਗਲਾਨੀ, ਸਾਜਨ ਕੁਮਾਰ ਆਦਿ ਹਾਜ਼ਰ ਸਨ |