ਮੰਡੀ ਕਿੱਲਿਆਂਵਾਲੀ, 5 ਮਾਰਚ (ਇਕਬਾਲ ਸਿੰਘ ਸ਼ਾਂਤ)-ਜਿਉਂਦ 'ਚ 18 ਫ਼ਰਵਰੀ ਨੂੰ ਕਿਸਾਨਾਂ ਤੇ ਮਜ਼ਦੂਰਾਂ 'ਤੇ ਹੋਏ ਪੁਲਿਸ ਜ਼ਬਰ ਦੇ ਵਿਰੋਧ 'ਚ 6 ਮਾਰਚ ਨੂੰ ਬਠਿੰਡਾ 'ਚ ਹੋਣ ਵਾਲੇ ਵੱਡੇ ਮੁਜ਼ਾਹਰੇ ਲਈ ਲਾਮਬੰਦੀ ਮੁਹਿੰਮ ਪੰਜਾਬ ਭਰ ਵਿਚ ਸਿਖ਼ਰ 'ਤੇ ਪਹੁੰਚ ਗਈ ਹੈ | ਇਸ ਤਹਿਤ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਨਤਕ ਰੈਲੀਆਂ ਤੇ ਮਾਰਚ ਕਰਕੇ ਲੋਕਾਂ ਨੂੰ ਵੱਡੀ ਗਿਣਤੀ 'ਚ ਬਠਿੰਡਾ ਪੁੱਜਣ ਦਾ ਸੱਦਾ ਦਿੱਤਾ ਗਿਆ | ਜਥੇਬੰਦਕ ਆਗੂਆਂ ਨੇ ਪੰਜਾਬ ਸਰਕਾਰ ਤੇ ਬਠਿੰਡਾ ਪ੍ਰਸ਼ਾਸਨ ਵਲੋਂ ਟਕਰਾਅ ਦਾ ਰਸਤਾ ਛੱਡ ਕੇ ਮੁਜ਼ਾਹਰੇ ਦਾ ਹੱਕ ਮੰਨਣ ਨੂੰ ਲੋਕ ਤਾਕਤ ਦੀ ਮੁੱਢਲੀ ਜਿੱਤ ਕਰਾਰ ਦਿੱਤਾ ਹੈ | ਇਸ ਤਹਿਤ ਅੱਜ ਲੰਬੀ ਹਲਕੇ ਦੇ ਪਿੰਡ ਕਿੱਲਿਆਂਵਾਲੀ, ਕੱਖਾਂਵਾਲੀ ਤੇ ਮਹਿਣਾ ਸਮੇਤ ਕਈ ਪਿੰਡਾਂ ਵਿਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਵਲੋਂ ਜਨਤਕ ਰੈਲੀਆਂ ਅਤੇ ਮਾਰਚ ਕੀਤੇ ਗਏ | ਇਨ੍ਹਾਂ ਇਕੱਠਾਂ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ, ਖੇਤ ਮਜ਼ਦੂਰ ਆਗੂ ਕਾਲਾ ਸਿੰਘ ਖੂੰਨਣ ਖੁਰਦ, ਰਾਮਪਾਲ ਗੱਗੜ, ਕਿਸਾਨ ਆਗੂ ਹਰਪਾਲ ਸਿੰਘ ਕਿੱਲਿਆਂਵਾਲੀ ਅਤੇ ਨਿਸ਼ਾਨ ਸਿੰਘ ਕੱਖਾਂਵਾਲੀ ਨੇ ਸੰਬੋਧਨ ਕੀਤਾ | ਆਗੂਆਂ ਨੇ ਕਿਹਾ ਕਿ 18 ਫ਼ਰਵਰੀ ਨੂੰ ਪਿੰਡ ਜਿਉਂਦ 'ਚ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ 'ਤੇ ਬਠਿੰਡਾ ਦੀ ਐੱਸ.ਐੱਸ.ਪੀ. ਜੋਤੀ ਯਾਦਵ ਦੇ ਹੁਕਮਾਂ 'ਤੇ ਪੁਲਿਸ ਵਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਜਥੇਬੰਦ ਕਿਸਾਨ-ਮਜ਼ਦੂਰ ਤਾਕਤ ਨੇ ਇਸ ਭਰਮ ਨੂੰ ਤੋੜ ਦਿੱਤਾ ਹੈ ਤੇ 6 ਮਾਰਚ ਦਾ ਬਠਿੰਡਾ ਮੁਜ਼ਾਹਰਾ ਇਸ ਜ਼ਬਰ ਦੇ ਖ਼ਿਲਾਫ਼ ਲੋਕਾਂ ਦੀ ਇਕਜੁੱਟ ਆਵਾਜ਼ ਬਣੇਗਾ | ਆਗੂਆਂ ਨੇ ਹਲਕੇ ਵਿਚੋਂ ਵੱਡੀ ਗਿਣਤੀ 'ਚ ਬਠਿੰਡਾ ਮੁਜ਼ਾਹਰੇ ਵਿਚ ਸ਼ਮੂਲੀਅਤ ਦਾ ਐਲਾਨ ਕੀਤਾ | ਇਸ ਮੌਕੇ ਮੰਗ ਕੀਤੀ ਗਈ ਕਿ ਜਿਉਂਦ ਜ਼ਬਰ ਮਾਮਲੇ 'ਚ ਐੱਸ.ਐੱਸ.ਪੀ. ਜੋਤੀ ਯਾਦਵ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ, ਪੁਲਿਸ ਵਲੋਂ ਜ਼ਖ਼ਮੀ ਕੀਤੇ ਗਏ ਲੋਕਾਂ ਦਾ ਸਰਕਾਰੀ ਖ਼ਰਚ 'ਤੇ ਪੂਰਾ ਇਲਾਜ ਤੇ ਪੀੜਤਾਂ ਨੂੰ ਮਾਨਸਿਕ, ਪਰਿਵਾਰਕ ਤੇ ਸਰੀਰਕ ਨੁਕਸਾਨ ਸਮੇਤ ਸੂਬੇ 'ਚ ਵੱਖ-ਵੱਖ ਸੰਘਰਸ਼ਾਂ ਦੌਰਾਨ ਸੰਘਰਸ਼ਸ਼ੀਲ ਲੋਕਾਂ 'ਤੇ ਦਰਜ ਸਾਰੇ ਮੁਕੱਦਮੇ ਵਾਪਸ ਲੈਣ ਦੀ ਮੰਗ ਵੀ ਕੀਤੀ |