ਮੰਡੀ ਕਿੱਲਿਆਂਵਾਲੀ, 7 ਮਾਰਚ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਮੰਡੀ ਕਿੱਲਿਆਂਵਾਲੀ ਵਿਖੇ ਵਿਸ਼ਵ ਔਰਤ ਦਿਵਸ ਦੇ ਮੱਦੇਨਜ਼ਰ ਵਿਦਿਆਰਥਣਾਂ ਵਿਚਕਾਰ ਪਿੰਕ ਪਲੇਟਰ ਮੁਕਾਬਲੇ ਕਰਵਾਏ ਗਏ | ਗੁਲਾਲੀ ਵਿਸ਼ੇ 'ਤੇ ਆਧਾਰਿਤ ਬਿਨਾਂ ਅੱਗ ਦੇ ਤਿਆਰ ਸਿਹਤਮੰਦ ਤੇ ਪੌਸ਼ਟਿਕ ਪਕਵਾਨਾਂ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਪਕਵਾਨਾਂ ਦੀ ਪੇਸ਼ਕਾਰੀ, ਪੋਸ਼ਣ ਮੁੱਲ ਅਤੇ ਸੁਆਦ ਦਾ ਪਰਖ ਦਾ ਆਧਾਰ ਰਿਹਾ | ਮੁਕਾਬਲਿਆਂ ਵਿਚ ਅਮਨ, ਹਰਸ਼ਿਤਾ, ਜੈਸਮੀਨ ਦੀ ਟੀਮ ਪਹਿਲੇ, ਅੰਸ਼ਿਤਾ, ਹਿਮਾਂਸ਼ੀ, ਬਾਣੀ ਦੀ ਟੀਮ ਦੂਜੇ ਅਤੇ ਯਸ਼ਿਤਾ, ਆਕਰਸ਼ਿਤਾ ਦੀ ਟੀਮ ਤੀਜੇ ਸਥਾਨ 'ਤੇ ਰਹੀ | ਕੁੱਲ 14 ਟੀਮਾਂ ਦੀਆਂ 27 ਵਿਦਿਆਰਥਣਾਂ ਨੇ ਆਪੋ-ਆਪਣੇ ਪਕਵਾਲਾਂ ਦੇ ਸਟਾਲ ਲਗਾ ਕੇ ਸੁਚੱਜੇ ਢੰਗ ਨਾਲ ਪੇਸ਼ਕਾਰੀ ਕੀਤੀ | ਮੁਕਾਬਲੇ ਵਿਚ ਵਿਦਿਆਰਥਣਾਂ ਨੇ ਗੁਲਾਬੀ ਰੰਗ ਦੇ ਪਹਿਰਾਵੇ ਪਾ ਕੇ ਉਤਸ਼ਾਹ ਨਾਲ ਭਾਗ ਲਿਆ | ਕਾਲਜ ਦੇ ਪਿ੍ੰਸੀਪਲ ਡਾ. ਸੁਰਿੰਦਰ ਸਿੰਘ ਠਾਕੁਰ ਨੇ ਜੱਜ ਮੰਡਲ ਨਾਲ ਮਿਲ ਕੇ ਵਿਦਿਆਰਥਣਾਂ ਦੀਆਂ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਵਲੋਂ ਤਿਆਰ ਕੀਤੇ ਪਕਵਾਨਾਂ ਨੂੰ ਚਖ ਕੇ ਪਰਖਿਆ |