ਕੋਟਕਪੂਰਾ, 7 ਮਾਰਚ (ਮੋਹਰ ਸਿੰਘ ਗਿੱਲ)-ਪਿੰਡ ਸੰਧਵਾਂ ਵਿਖੇ ਮੇਨ ਰੋਡ ਦੇ ਸੁੰਦਰੀਕਰਨ, ਪਾਰਕ ਬਣਾਉਣ, ਸਟਰੀਟ ਲਾਈਟਾਂ ਲਗਾਉਣ ਅਤੇ ਹੋਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਅਤੇ ਸਾਧੂ ਰਾਮ ਕੁਸਲਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਨਿਰਦੇਸ਼ ਅਨੁਸਾਰ ਪਿੰਡ ਸੰਧਵਾਂ ਦੇ ਮੇਨ ਰੋਡ ਉਪਰ ਇਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ | ਇਸ ਨਾਲ ਪਿੰਡ ਦੇ ਲੋਕਾਂ ਨੂੰ ਸੈਰ-ਸਪਾਟੇ ਲਈ ਵੀ ਵਧੀਆ ਥਾਂ ਮਿਲੇਗੀ | ਉਨ੍ਹਾਂ ਦੱਸਿਆ ਕਿ ਪਿੰਡ ਦੀ ਗਰਾਮ ਪੰਚਾਇਤ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਰਪੰਚ ਮੁਖਤਿਆਰ ਸਿੰਘ ਦੇ ਸਹਿਯੋਗ ਨਾਲ ਮੇਨ ਰੋਡ ਦੀ ਸਫ਼ਾਈ ਕਰਵਾ ਕੇ ਜੰਗਲਾਤ ਵਿਭਾਗ ਵਲੋਂ ਸਜਾਵਟੀ ਰੁੱਖ ਅਤੇ ਫੁੱਲਦਾਰ ਵੇਲਾਂ ਲਗਾ ਕੇ ਇਸ ਦਾ ਸੁੰਦਰੀਕਰਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪਿੰਡ ਵਿਚ ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ | ਬਸਤੀ ਨਾਨਕਸਰ ਸੰਧਵਾਂ ਦੇ ਵਾਸੀਆਂ ਨੇ ਸਪੀਕਰ ਸੰਧਵਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਬਸਤੀ ਨਾਨਕਸਰ ਦੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿਚ ਵੜ ਰਿਹਾ ਸੀ ਅਤੇ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੀ | ਹੁਣ ਸੰਧਵਾਂ ਦੇ ਨਿਰਦੇਸ਼ ਅਨੁਸਾਰ ਪਿੰਡ ਦੀ ਗਰਾਮ ਪੰਚਾਇਤ ਵਲੋਂ ਇਸ ਸਮੱਸਿਆ ਦਾ ਹੱਲ ਕੀਤੇ ਜਾਣ ਕਾਰਨ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਪਿੰਦਰ ਗਿੱਲ ਸੰਧਵਾਂ, ਦਲੀਪ ਸਿੰਘ, ਪੰਚਾਇਤ ਸਕੱਤਰ ਅਤੇ ਨਰੇਗਾ ਗਰਾਮ ਸੇਵਕ ਵੀ ਹਾਜ਼ਰ ਸਨ |