ਮੰਡੀ ਲੱਖੇਵਾਲੀ, 9 ਅਪ੍ਰੈਲ (ਮਿਲਖ ਰਾਜ)-ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਵਲੋਂ ਇਸ ਇਲਾਕੇ ਦੇ ਗੜੇ੍ਹਮਾਰੀ ਤੋਂ ਪ੍ਰਭਾਵਿਤ ਪਿੰਡ ਭਾਗਸਰ, ਗੰਧੜ, ਚੱਕ ਸ਼ੇਰੇਵਾਲਾ, ਲੱਖੇਵਾਲੀ ਆਦਿ ਦਾ ਦੌਰਾ ਕੀਤਾ ਗਿਆ ਤੇ ਖੇਤਾਂ ਵਿਚ ਪੁੱਜ ਕੇ ਪੀੜਤ ਕਿਸਾਨਾਂ ਦਾ ਦਰਦ ਜਾਣਿਆ | ਇਸ ਮੌਕੇ ਉਨ੍ਹਾਂ ਆਖਿਆ ਕਿ ਭਾਰੀ ਗੜੇ੍ਹਮਾਰੀ ਨਾਲ ਸੌ ਫ਼ੀਸਦੀ ਨੁਕਸਾਨ ਵਾਲੇ ਇਨ੍ਹਾਂ ਪਿੰਡਾਂ ਦੀ ਹਾਲਤ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ, ਕਿਉਂਕਿ 6 ਮਹੀਨਿਆਂ ਦੀ ਸਖ਼ਤ ਘਾਲਣਾ ਬਾਅਦ ਪੱਕ ਕੇ ਤਿਆਰ ਖੜੀ ਫ਼ਸਲ ਦਾ ਬਰਬਾਦ ਹੋ ਜਾਣਾ ਅਤੇ ਉਸ ਤੋਂ ਪਹਿਲਾਂ ਵੀ ਝੋਨੇ ਦੀ ਫ਼ਸਲ 'ਚੋਂ ਘਾਟਾ ਪੈਣਾ ਕਿਸਾਨਾਂ ਲਈ ਪਹਾੜ ਵਰਗੀ ਵੱਡੀ ਮੁਸੀਬਤ ਤੋਂ ਘੱਟ ਨਹੀਂ ਹੈ | ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਵੱਡੀ ਸੰਕਟ ਦੀ ਘੜੀ ਸਮੇਂ ਤੁਰੰਤ 50,000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤੀ 'ਤੇ ਮੁਕੰਮਲ ਨਿਰਭਰ ਮਜ਼ਦੂਰਾਂ ਦੀ ਵੀ ਆਰਥਿਕ ਮਦਦ ਕੀਤੀ ਜਾਵੇ | ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕੁਦਰਤੀ ਕਰੋਪੀ ਬਾਰੇ ਲੋਕ ਸਭਾ ਦੇ ਅੰਦਰ ਵੀ ਮੁੱਦਾ ਉਠਾ ਕੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਕਿਸਾਨਾਂ ਲਈ ਮਦਦ ਅਤੇ ਫ਼ਸਲਾਂ ਦੇ ਮੁਕੰਮਲ ਬੀਮੇ ਦੀ ਮੰਗ ਵੀ ਕਰਨਗੇ | ਇਸ ਮੌਕੇ ਚਰਨਦੀਪ ਸਿੰਘ ਬਾਂਮ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਜੁੱਗੀ ਸ਼ੇਰੇਵਾਲਾ, ਗੁਰਪ੍ਰੀਤ ਸਿੰਘ ਗੰਧੜ, ਮਿੱਠੂ ਸਿੰਘ, ਮਾਸਟਰ ਜਸਵੰਤ ਸਿੰਘ, ਰਿੱਕੀ ਤਰਖਾਣਵਾਲਾ, ਪਰਮਜੀਤ ਸਿੰਘ ਲੱਖੇਵਾਲੀ, ਅਮਰਿੰਦਰ ਸੰਮੇਵਾਲੀ, ਪੱਪੂ ਬਰਾੜ, ਦਿਲਬਾਗ ਬਾਂਮ ਆਦਿ ਆਗੂ ਵੀ ਹਾਜ਼ਰ ਸਨ |