ਬਾਜਾਖਾਨਾ, 9 ਅਪ੍ਰੈਲ (ਜਗਦੀਪ ਸਿੰਘ ਗਿੱਲ)ਸਾਲ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰੰਤ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੇ ਕੇਸਾਂ ਦੇ ਟਰਾਇਲ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਲੋਂ ਚੰਡੀਗੜ੍ਹ ਦੀ ਅਦਾਲਤ ਵਿਚ ਚਲਾਏ ਜਾਣ ਦੇ ਆਦੇਸ਼ ਸਬੰਧੀ ਪੀੜਤ ਪਰਿਵਾਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਗੁੱਸਾ ਫੁੱਟਿਆ ਹੈ | ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਕਿ੍ਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਦੱਸਿਆ ਕਿ ਜਿਹੜੀ ਪੰਜਾਬ ਸਰਕਾਰ 24 ਘੰਟਿਆਂ 'ਚ ਇਨਸਾਫ਼ ਦੇਣ ਦੇ ਵਾਅਦੇ ਨਾਲ ਆਈ ਸੀ, ਉਹ ਅੱਜ ਤੱਕ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਕੋਈ ਢੰਗ ਦੀ ਤਰੱਕੀ ਨਹੀਂ ਕਰ ਸਕੀ | ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਉਹ ਵਾਕਈ ਇਨਸਾਫ ਦੇ ਸਕੇਗੀ? ਚੌਵੀ ਘੰਟਿਆਂ ਵਿਚ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੀ ਇਹ ਆਮ ਆਦਮੀ ਪਾਰਟੀ ਸਰਕਾਰ ਚਾਰ ਸਾਲਾਂ ਵਿਚ ਸਿਰਫ਼ ਕੇਸਾਂ ਦੀ ਜਗ੍ਹਾ ਬਦਲਣ ਤੱਕ ਹੀ ਸੀਮਤ ਰਹੀ ਹੈ | ਜਿਸ ਨਾਲ ਦੋਸ਼ੀਆਂ ਨੂੰ ਆਪਣਾ ਬਚਾਅ ਕਰਨਾ ਹੋਰ ਵੀ ਸੌਖਾ ਹੋ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਕੀ ਇਨ੍ਹਾਂ ਕੇਸਾਂ ਵਿਚ 200 ਤੋਂ 300 ਤੱਕ ਦੀ ਗਿਣਤੀ ਵਿਚ ਗਵਾਹਾਂ ਦੀ ਜਾਨ ਤੇ ਮਾਲ ਦੀ ਰਾਖੀ ਪੰਜਾਬ ਸਰਕਾਰ ਕਰੇਗੀ? ਅਤੇ ਕੀ ਗਵਾਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਪੰਜਾਬ ਸਰਕਾਰ ਵਲੋਂ ਕੋਈ ਢੰਗ ਦੀ ਸੁਵਿਧਾ ਦਿੱਤੀ ਜਾਵੇਗੀ? ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਾਡਾ ਇਹੀ ਕਹਿਣਾ ਹੈ ਕਿ ਜਿਨ੍ਹਾਂ ਤੋਂ ਅਸੀਂ ਇਨਸਾਫ਼ ਦੀ ਆਸ ਲਾਈ ਬੈਠੇ ਸੀ ਅਤੇ ਪੂਰੇ ਪੰਜਾਬ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਸੀ, ਪਰ ਇਨ੍ਹਾਂ ਨੇ ਵੀ ਪੁਰਾਣੀਆਂ ਸਰਕਾਰਾਂ ਵਾਂਗ ਹੀ ਰਵੱਈਆ ਅਪਣਾਇਆ ਹੋਇਆ ਹੈ | ਪੰਜਾਬ ਦੇ ਲੋਕਾਂ ਨੂੰ ਹੁਣ ਇਨ੍ਹਾਂ ਸਰਕਾਰਾਂ ਤੋਂ ਆਸ ਛੱਡ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਤਾਂ ਜੋ ਬੇਅਦਬੀ ਵਰਗੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ੂ ਸਖ਼ਤ ਸਜ਼ਾਵਾਂ ਮਿਲਣ |