ਮਲੋਟ, 11 ਅਪ੍ਰੈਲ (ਪਾਟਿਲ)-ਮਲੋਟ ਦੇ ਰਿਹਾਇਸ਼ੀ ਇਲਾਕੇ ਬਿਰਲਾ ਰੋਡ ਤੋਂ ਗਊਸ਼ਾਲਾ ਵੱਲ ਜਾਂਦੇ ਰਸਤੇ 'ਤੇ ਨਾਜਾਇਜ਼ ਸ਼ਰਾਬ ਦਾ ਠੇਕਾ ਖੋਲ੍ਹੇ ਜਾਣ ਦੇ ਵਿਰੋਧ ਵਿਚ ਮੁਹੱਲਾ ਵਾਸੀਆਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਔਰਤਾਂ, ਨੌਜਵਾਨਾਂ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ ਇਕੱਤਰ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਸ਼ਾਮਿਲ ਹੋਏ, ਜਿਨ੍ਹਾਂ ਵਿਚ ਕੌਂਸਲਰ ਅਸ਼ੋਕ ਬਜਾਜ, ਸੁਸ਼ੀਲ ਗਰੋਵਰ ਸਮੇਤ ਹੋਰ ਆਗੂ ਮੌਜੂਦ ਸਨ | ਆਗੂਆਂ ਨੇ ਕਿਹਾ ਕਿ ਇਹ ਠੇਕਾ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਖੋਲਿ੍ਹਆ ਗਿਆ ਹੈ, ਜਿੱਥੇ ਧੀਆਂ-ਭੈਣਾਂ ਤੇ ਬੱਚਿਆਂ ਦੀ ਆਵਾਜਾਈ ਵਧ ਹੁੰਦੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਪ੍ਰਸ਼ਾਸਨ ਕੋਲ ਅਪੀਲ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਾ ਹੋਣ ਕਾਰਨ ਮਜ਼ਬੂਰਨ ਧਰਨਾ ਦੇਣਾ ਪਿਆ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਹ ਨਾਜਾਇਜ਼ ਠੇਕਾ ਬੰਦ ਨਹੀਂ ਕੀਤਾ ਜਾਂਦਾ, ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਥਾਣਾ ਸਿਟੀ ਮਲੋਟ ਦੇ ਮੁਖੀ ਵਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ |