ਗਿੱਦੜਬਾਹਾ, 14 ਅਪ੍ਰੈਲ (ਸ਼ਿਵਰਾਜ ਸਿੰਘ ਬਰਾੜ)-ਗੜ੍ਹੇਮਾਰੀ ਨਾਲ ਨੁਕਸਾਨੀਆਂ ਠੇਕੇ 'ਤੇ ਲਈਆਂ ਜ਼ਮੀਨਾਂ ਦੀ ਭਰਪਾਈ ਕਰਨ ਲਈ ਹੁਣ ਕਿਸਾਨ ਖ਼ੁਦ ਆਪਣੇ ਭਾਈਚਾਰੇ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ | ਠੇਕੇ 'ਤੇ ਦਿੱਤੀਆਂ ਜ਼ਮੀਨਾਂ ਦੇ ਮਾਲਕਾਂ ਵਲੋਂ ਕਿਸਾਨ ਭਰਾਵਾਂ ਦੀ ਮਦਦ ਕਰਨ ਲਈ ਠੇਕਾ ਵਾਪਸ ਕਰ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੇਮੌਸਮੀ ਗੜ੍ਹੇਮਾਰੀ, ਬਾਰਿਸ਼ ਤੇ ਤੇਜ਼ ਹਵਾਵਾਂ ਦੌਰਾਨ ਹਲਕੇ ਦੇ ਕਈ ਪਿੰਡਾਂ ਵਿਚ ਹਾੜੀ ਦੀ ਪੱਕੀ ਫ਼ਸਲ ਕਣਕ ਦਾ ਭਾਰੀ ਨੁਕਸਾਨ ਹੋ ਗਿਆ ਸੀ | ਦੁਖਦਾਈ ਪਹਿਲੂ ਇਹ ਸੀ ਕਿ ਬਹੁਤੇ ਕਿਸਾਨਾਂ ਕੋਲ ਆਪਣੀ ਮਾਲਕੀ ਜ਼ਮੀਨ ਘੱਟ ਹੋਣ ਕਰਕੇ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦੇ ਆ ਰਹੇ ਹਨ | ਬੀਤੇ ਦਿਨੀਂ ਹੋਈ ਗੜ੍ਹੇਮਾਰੀ 'ਚ ਪਿੰਡ ਭਲਾਈਆਣਾ, ਚੋਟੀਆਂ, ਅਬਲੂ, ਕੋਟਲੀ ਤੋਂ ਇਲਾਵਾ ਨਾਲ ਲਗਦੇ ਕਈ ਪਿੰਡਾਂ ਵਿਚ ਕਣਕ ਦਾ ਭਾਰੀ ਨੁਕਸਾਨ ਹੋ ਗਿਆ ਸੀ ਤੇ ਜਿਹੜੇ ਕਿਸਾਨਾਂ ਨੇ ਠੇਕੇ 'ਤੇ ਜ਼ਮੀਨਾਂ ਲੈ ਕੇ ਕਣਕ ਬੀਜੀ ਸੀ, ਉਨ੍ਹਾਂ ਨੂੰ ਵੱਡਾ ਆਰਥਿਕ ਨੁਰਸਾਨ ਝੱਲਣਾ ਪੈ ਰਿਹਾ ਹੈ | ਅਕਸਰ ਦੇਖਿਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਅਜਿਹੀਆਂ ਕੁਦਰਤੀ ਆਫ਼ਤਾਂ ਦੀ ਭਰਪਾਈ ਨਾਮਾਤਰ ਕੀਤੀ ਜਾਂਦੀ ਰਹੀ ਹੈ | ਤਾਜ਼ਾ ਹਾਲਾਤ ਦੌਰਾਨ ਪਿੰਡ ਭਲਾਈਆਣਾ ਵਿਖੇ ਵੀ ਗਿਰਦਾਵਰੀ ਸਹੀ ਢੰਗ ਨਾਲ ਨਾ ਕਰਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ | ਅਜਿਹੀ ਨਾਜ਼ੁਕ ਸਥਿਤੀ 'ਚ ਕਿਸਾਨ ਭਾਈਚਾਰਾ ਆਪਣੇ ਭਰਾਵਾਂ ਨਾਲ ਖੜ੍ਹਦਾ ਦਿਖਾਈ ਦੇ ਰਿਹਾ ਹੈ | ਪਿੰਡ ਭਲਾਈਅਣਾ ਦੇ ਕਿਸਾਨ ਲਖਵਿੰਦਰ ਸਿੰਘ ਮਾਸਟਰ ਨੇ 2 ਲੱਖ ਬਣਦਾ ਠੇਕਾ ਛੱਡ ਦਿੱਤਾ ਹੈ | ਬਲਜਿੰਦਰ ਸਿੰਘ ਤੇ ਇਕਬਾਲ ਸਿੰਘ ਵਲੋਂ ਅੱਧਾ ਠੇਕਾ ਛੱਡ ਦਿੱਤਾ ਹੈ | ਫ਼ਾਜ਼ਿਲਕਾ ਦੇ ਪਿੰਡ ਗੜੂੰਮੀ ਦੇ ਕਿਸਾਨ ਅਸ਼ੋਕ ਕੁਮਾਰ ਨੇ ਗੜੇ੍ਹਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਤੂੜੀ ਦੇਣ ਦਾ ਵਾਅਦਾ ਕੀਤਾ ਗਿਆ ਹੈ | ਕੋਠੇ ਸੰਧੂਆਂਵਾਲਾ ਦੇ ਸਾਬਕਾ ਸਰਪੰਚ ਗਰਦੌਰ ਸਿੰਘ ਨੇ ਦੱਸਿਆ ਕਿ 400 ਏਕੜ ਰਕਬਾ ਤਬਾਹ ਹੋ ਗਿਆ ਹੈ ਤੇ ਪਸ਼ੂਆਂ ਲਈ ਤੂੜੀ ਵੀ ਨਹੀਂ ਬਚੀ | ਉਨ੍ਹਾਂ ਆਪਣਾ 30 ਏਕੜ ਦਾ ਅੱਧਾ ਠੇਕਾ ਛੱਡ ਦਿੱਤਾ ਹੈ | ਗੁਰਜੀਤ ਰਾਮ ਸ਼ਰਮਾ ਨੇ ਵੀ ਆਪਣਾ ਅੱਧਾ ਠੇਕਾ ਛੱਡਣ ਦਾ ਐਲਾਨ ਕਰ ਦਿੱਤਾ | ਦਰਸ਼ਨ ਸਿੰਘ ਆਪਣੇ ਸਾਰੇ ਹੀ ਸਾਢੇ 4 ਏਕੜ ਦਾ ਠੇਕਾ ਛੱਡ ਦਿੱਤਾ ਹੈ | ਕਿਸਾਨਾਂ ਨੇ ਕਿਹਾ ਕਿ ਹੜ੍ਹ ਪੀੜਤ ਕਿਸਾਨਾਂ ਦਾ ਸਹਾਰਾ ਵੀ ਕਿਸਾਨ ਭਰਾ ਹੀ ਬਣੇ ਤੇ ਹੁਣ ਵੀ ਸਭ ਤੋਂ ਪਹਿਲਾਂ ਕਿਸਾਨ ਹੀ ਕਿਸਾਨ ਦੀ ਮਦਦ ਲਈ ਅੱਗੇ ਆ ਰਹੇ ਹਨ ਤੇ ਸਮੇਂ ਦੀਆਂ ਸਰਕਾਰਾਂ ਤੋਂ ਮਦਦ ਦੀ ਆਸ ਨਹੀਂ ਹੈ |