ਸ੍ਰੀ ਮੁਕਤਸਰ ਸਾਹਿਬ, 15 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਦਾ ਨੂੰ 70ਵਾਂ ਜਨਮ ਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਸੇਵਾ ਦੇ ਕਾਰਜ ਕਰਕੇ ਮਨਾਇਆ ਗਿਆ | ਜ਼ਿਲ੍ਹਾ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਪਿਛਲੇ ਸਮੇਂ ਬਾਰਿਸ਼ ਨਾਲ ਪਿੰਡ ਵੰਗਲ 'ਚ ਬਹੁਤ ਹੀ ਗ਼ਰੀਬ ਪਰਿਵਾਰ ਦਾ ਮਕਾਨ ਡਿੱਗ ਪਿਆ ਸੀ, ਜਦਕਿ ਇਸ ਦੌਰਾਨ ਪਰਿਵਾਰ ਦਾ ਬਚਾਅ ਹੋ ਗਿਆ | ਪਰਿਵਾਰ ਵਲੋਂ ਟਰੱਸਟ ਦੇ ਰਾਹੀਂ ਡਾ. ਓਬਰਾਏ ਨੂੰ ਮਦਦ ਦੀ ਅਪੀਲ ਕੀਤੀ ਗਈ ਸੀ | ਅੱਜ ਡਾ. ਓਬਰਾਏ ਦਾ ਜਨਮ ਦਿਨ ਮਨਾਉਂਦੇ ਹੋਏ ਪਰਿਵਾਰ ਨੂੰ ਰਹਿਣ ਲਈ ਮਕਾਨ ਸੌਂਪ ਦਿੱਤਾ ਗਿਆ ਹੈ | ਪਰਿਵਾਰ ਵਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਓਬਰਾਏ ਦੇ ਜਨਮ ਦਿਨ 'ਤੇ 20 ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖ਼ਰੀਦਣ ਲਈ ਲੋੜੀਂਦੀ ਸਹਾਇਤਾ ਰਾਸ਼ੀ ਦਿੱਤੀ ਗਈ | ਜ਼ਿਲ੍ਹਾ ਪ੍ਰਧਾਨ ਤੇ ਮਲੋਟ ਇਕਾਈ ਦੇ ਪ੍ਰਧਾਨ ਅਨਿਲ ਜੁਨੇਜਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਡਾ. ਓਬਰਾਏ ਦੇ ਜਨਮ ਦਿਨ ਨੂੰ ਸਮਰਪਿਤ ਐਡਵਰਡਗੰਜ ਹਸਪਤਾਲ ਮਲੋਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਦਾ ਉਦਘਾਟਨ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ ਤੇ ਡਾ. ਬਲਜੀਤ ਕੌਰ ਦੂਜੇ ਡਾਕਟਰਾਂ ਦੇ ਨਾਲ ਅੱਖਾਂ ਦਾ ਚੈੱਕਅਪ ਵੀ ਆਪ ਕਰਨਗੇ | ਇਸ ਮੌਕੇ ਦਵਾਈਆਂ ਤੇ ਨੇੜੇ ਦੀ ਨਿਗ੍ਹਾ ਦੀਆਂ ਐਨਕਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪਿ੍ੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜ਼ੈਲਦਾਰ, ਸੋਮ ਨਾਥ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ. ਆਦਿ ਹਾਜ਼ਰ ਸਨ |