ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ
ਅਜੀਤ ਡੈਸਕ
02-05-2026
ਸ੍ਰੀ ਮੁਕਤਸਰ ਸਾਹਿਬ, 1 ਮਈ (ਰਣਜੀਤ ਸਿੰਘ ਢਿੱਲੋਂ)-ਮਜ਼ਦੂਰ ਦਿਵਸ ਮੌਕੇ ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸ੍ਰੀ ਮੁਕਤਸਰ ਸਾਹਿਬ ਡੀਪੂ ਦੇ ਗੇਟ 'ਤੇ ਰੈਲੀ ਕਰਕੇ ਝੰਡਾ ਲਹਿਰਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕਮਲ ਕੁਮਾਰ ਨੇ ਕਿਹਾ ਕਿ ਅੱਜ ਦੇ ਦਿਨ 1886 ਨੂੰ ਸ਼ਿਕਾਂਗੋ ਦੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ 1889 ਵਿਚ 8 ਘੰਟੇ ਕੰਮ ਕਰਨ ਦਾ ਹੱਕ ਲੋਕਾਂ ਨੂੰ ਦਿਵਾਇਆ ਗਿਆ ਸੀ | ਉਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਫ਼ਿਰ ਤੋਂ ਮੌਜੂਦਾ ਹਾਲਾਤਾਂ 'ਚ ਭਾਰਤ ਸਰਕਾਰ ਲੇਬਰ ਕੋਡ ਵਿਚ ਸੋਧ ਦੇ ਨਾਂਅ 'ਤੇ ਸਾਰੇ ਹੱਕ ਖੋਹਣ 'ਤੇ ਲੱਗੀ ਹੈ, ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ | ਟਰਾਂਸਪੋਰਟ ਵਿਭਾਗ ਵਿਚ ਪ੍ਰਾਈਵੇਟ ਮਾਲਕਾਂ ਦੀਆਂ ਕਿੱਲੋਮੀਟਰ ਸਕੀਮ ਬੱਸਾਂ ਰਾਹੀਂ ਖ਼ਜ਼ਾਨੇ ਦੀ ਕਰੋੜਾਂ ਰੁਪਏ ਲੁੱਟ ਨੂੰ ਖੁੱਲ੍ਹ ਦੇਣ ਲਈ ਮੁਲਾਜ਼ਮਾਂ ਉਪਰ 307 ਦੇ ਪਰਚੇ ਦਰਜ ਕਰਕੇ 5 ਮਹੀਨਿਆਂ ਤੋਂ ਸੰਗਰੂਰ ਜੇਲ੍ਹ ਵਿਚ ਬੰਦ ਕਰਨਾ ਇਹ ਸਾਬਿਤ ਕਰਦਾ ਹੈ ਕਿ ਆਪਣੇ ਚਹੇਤਿਆਂ ਦੇ ਘਰ ਭਰਨ ਲਈ ਮਜ਼ਦੂਰ, ਮੁਲਾਜ਼ਮ, ਕਿਸਾਨ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਦੀ ਪੁਲਿਸ ਤੰਤਰ ਨਾਲ ਡੰਡੇ ਦੇ ਜ਼ੋਰ ਨਾਲ ਪਰਚੇ ਦਰਜ ਕਰਕੇ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ | ਡੀਪੂ ਪ੍ਰਧਾਨ ਜਗਸੀਰ ਸਿੰਘ ਮਾਣਕ ਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਇਕ ਵੀ ਸਰਕਾਰੀ ਬੱਸ ਨਹੀਂ ਪਾਈ | ਦੂਜੇ ਪਾਸੇ ਆਪਣੇ ਚਹੇਤਿਆਂ ਦੀਆਂ ਕਿੱਲੋਮੀਟਰ ਸਕੀਮ ਬੱਸਾਂ ਪਾ ਕੇ ਪ੍ਰਤੀ ਸਧਾਰਨ ਇਕ ਬੱਸ ਰਾਹੀਂ 1 ਕਰੋੜ 50 ਲੱਖ ਰੁਪਏ ਦੀ ਲੁੱਟ ਭਾਵ 4-5 ਬੱਸਾਂ ਦੇ ਪੈਸੇ 5 ਸਾਲਾਂ ਵਿਚ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨਾ ਚਾਹੁੰਦੀ ਹੈ | ਜਨਰਲ ਸਕੱਤਰ ਗੁਰਸੇਵਕ ਸਿੰਘ ਤੇ ਖ਼ਜ਼ਾਨਚੀ ਗੁਰਵਿੰਦਰ ਨੇ ਦੱਸਿਆ ਕਿ ਠੇਕੇਦਾਰ ਵਿਚੋਲੀਏ ਪਨਬੱਸ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਲੁੱਟ ਕਰ ਰਹੇ ਹਨ | ਯੂਨੀਅਨ ਵਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ 10 ਮਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਦੇ ਹਲਕੇ ਵਿਚ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ ਅਤੇ 18 ਮਈ ਨੂੰ ਇਕ ਰੋਜ਼ਾ ਹੜਤਾਲ ਕਰਕੇ ਸਮੂਹ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਕੇ ਮੰਗ ਪੱਤਰ ਸੌਂਪੇ ਜਾਣਗੇ | ਇਸ ਤੋਂ ਇਲਾਵਾ 25, 26, 27 ਮਈ ਨੂੰ ਤਿੰਨ ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ | ਜੇਕਰ ਫ਼ਿਰ ਵੀ ਮੰਗਾਂ ਦਾ ਹੱਲ ਨਾ ਕੱਢਿਆ ਗਿਆ, ਤਾਂ ਭੰਡੀ ਪ੍ਰਚਾਰ ਸਮੇਤ ਅਣਮਿੱਥੇ ਸਮੇਂ ਦੀ ਹੜਤਾਲ ਅਤੇ ਤਿੱਖੇ ਸੰਘਰਸ਼ ਕੀਤੇ ਜਾਣਗੇ |
ਪੀ.ਡਬਲਿਊ.ਡੀ. ਟੈਕਨੀਸ਼ੀਅਨ ਤੇ ਦਰਜਾ-4 ਮੁਲਾਜ਼ਮ ਯੂਨੀਅਨ ਨੇ ਮਈ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਹਰਮਹਿੰਦਰ ਪਾਲ)-ਪੀ.ਡਬਲਿਊ.ਡੀ. ਟੈਕਨੀਸ਼ੀਅਨ ਅਤੇ ਦਰਜਾ-4 ਮੁਲਾਜ਼ਮ ਯੂਨੀਅਨ ਪੰਜਾਬ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਰਣਜੀਤ ਸਿੰਘ ਖ਼ਾਲਸਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸਥਾਨਕ ਵਾਟਰ ਵਰਕਸ ਕੰਪਲੈਕਸ ਵਿਖੇ ਸ਼ਿਕਾਂਗੋ ਦੇ ਮਹਾਨ ਸ਼ਹੀਦਾਂ ਨੂੰ ਸਿੱਜਦਾ ਕਰਦੇ ਹੋਏ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ | ਇਸ ਉਪਰੰਤ 30 ਅਪ੍ਰੈਲ ਨੂੰ ਲੰਮੀ ਤੇ ਬੇਦਾਗ ਨੌਕਰੀ ਕਰਕੇ ਸੇਵਾ ਮੁਕਤ ਹੋਏ ਕਿ੍ਸਨ ਲਾਲ ਯਾਦਵ ਟੈਕਨੀਕਲ ਹੈਲਪਰ ਦੇ ਸਨਮਾਨ ਵਿਚ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਿ੍ਸਨ ਲਾਲ ਯਾਦਵ ਟੈਕਨੀਕਲ ਹੈਲਪਰ ਨੂੰ ਜਥੇਬੰਦੀ ਵਲੋਂ ਲੋਈ, ਮੈਮੋਟੋ ਅਤੇ ਕੂਲਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ, ਦਫ਼ਤਰੀ ਸਟਾਫ਼, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਵਲੋਂ ਕਿ੍ਸਨ ਲਾਲ ਯਾਦਵ ਨੂੰ ਤੋਫ਼ਹੇ ਭੇਂਟ ਕੀਤੇ ਗਏ | ਸਟੇਜ ਦੀ ਕਾਰਵਾਈ ਰਣਜੀਤ ਸਿੰਘ ਖ਼ਾਲਸਾ ਵਲੋਂ ਚਲਾਈ ਗਈ | ਵਿਦਾਇਗੀ ਸਮਾਰੋਹ ਦੌਰਾਨ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਤੱਖੀ ਵਲੋਂ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਵਤੀਰੇ ਅਤੇ ਜਲਘਰਾਂ ਉਪਰ ਰਿਟਾਇਰਮੈਂਟ ਕਾਰਨ ਹਜ਼ਾਰਾਂ ਖ਼ਾਲੀ ਆਸਾਮੀਆਂ ਰੈਗੂਲਰ ਭਰਤੀ ਰਾਹੀਂ ਨਾ ਭਰਨ ਦੀ ਸਖ਼ਤ ਨਿਖੇਧੀ ਕੀਤੀ ਗਈ | ਇਸ ਸਮੇਂ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਦਰਸ਼ਨ ਸਿੰਘ ਕੇ.ਪੀ., ਮੁਖ਼ਤਿਆਰ ਸਿੰਘ ਬੇਦੀ, ਹਰਭਜਨ ਸਿੰਘ ਸੰਧੂ, ਆਤਮਾ ਸਿੰਘ ਢਿੱਲੋਂ, ਟੈਕਨੀਸੀਅਨ ਤੇ ਦਰਜਾ-4 ਦੇ ਰਣਜੀਤ ਸਿੰਘ ਖ਼ਾਲਸਾ, ਕੁਲਵੰਤ ਸਿੰਘ ਸਰੋਤਾ, ਓਮ ਪ੍ਰਕਾਸ਼ ਕਟਾਰੀਆ, ਗੌਤਮ ਕੁਮਾਰ, ਪ੍ਰੇਮ ਕੁਮਾਰ, ਕੈਲਾਸ਼ ਸਿੰਘ ਠਾਕੁਰ ਨੇ ਸੰਬੋਧਨ ਕੀਤਾ |
ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਨੇ ਮਜ਼ਦੂਰ ਦਿਵਸ ਮਨਾਇਆ
ਮਲੋਟ, (ਅਜਮੇਰ ਸਿੰਘ ਬਰਾੜ)-ਅੱਜ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਵਲੋਂ 140ਵਾਂ ਮਈ ਦਿਵਸ ਮਨਾਇਆ ਗਿਆ | ਹਜ਼ਾਰਾਂ ਕਿਰਤੀ ਕਾਮਿਆਂ ਨੇ ਮਲੋਟ ਬਿਜਲੀ ਘਰ ਵਿਖੇ ਇਕੱਠੇ ਹੋ ਕੇ ਸ੍ਰੀ ਗੁਰੂ ਰਵਿਦਾਸ ਭਵਨ ਤੱਕ ਪੈਦਲ ਮਾਰਚ ਕੀਤਾ | ਰਵਿਦਾਸ ਭਵਨ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂਆਂ ਨੇ ਮਈ ਦਿਵਸ ਨੂੰ ਸੰਘਰਸ਼ ਦਿਵਸ ਵਿਚ ਬਦਲਣ ਦਾ ਸੱਦਾ ਦਿੱਤਾ | ਉਨ੍ਹਾਂ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 140 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਸ਼ਿਕਾਂਗੋ ਵਿਖੇ ਹੋਏ ਲਹੂ-ਵੀਟਵੇਂ ਸੰਘਰਸ਼ ਸਦਕਾ ਦੁਨੀਆ ਵਿਚ ਮਜ਼ਦੂਰਾਂ ਲਈ 8 ਘੰਟੇ ਦਾ ਕੰਮ ਦਿਨ ਨਿਸ਼ਚਤ ਹੋਇਆ ਸੀ, ਪਰ ਅੱਜ ਦੇ ਹਾਕਮ ਪੁਰਾਣੇ ਲੇਬਰ ਕਾਨੂੰਨਾਂ ਨੂੰ ਸੋਧ ਕੇ 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਵਿਚ ਬਦਲਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ | ਆਗੂਆਂ ਨੇ ਕਿਹਾ ਕਿ ਲੱਖਾਂ ਆਸ਼ਾ, ਆਂਗਣਵਾੜੀ ਤੇ ਮਿਡ-ਡੇ-ਮੀਲ ਕਰਮਚਾਰੀਆਂ ਨੂੰ ਤਾਂ ਮਜ਼ਦੂਰ ਹੀ ਨਹੀਂ ਮੰਨਿਆ ਜਾਂਦਾ ਹੈ | ਕੇਂਦਰੀ ਤੇ ਰਾਜ ਸਰਕਾਰਾਂ ਨਿੱਜੀ ਸੰਸਥਾਵਾਂ ਨਾਲ ਮਿਲ ਕੇ ਪੱਕੀਆਂ ਨੌਕਰੀਆਂ ਤੋਂ ਪੱਕੇ ਮਜ਼ਦੂਰ ਹਟਾ ਕੇ ਠੇਕੇ 'ਤੇ ਆਊਟਸੋਰਸ 'ਤੇ ਮਜ਼ਦੂਰ ਲਗਾ ਰਹੇ ਹਨ | ਬੀ.ਓ.ਸੀ ਵਰਕਰਾਂ ਲਈ ਬਣਿਆ ਵੈੱਲਫ਼ੇਅਰ ਬੋਰਡ ਮਜ਼ਦੂਰਾਂ ਲਈ ਬਣੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਿਹਾ ਹੈ | ਕੇਂਦਰ ਸਰਕਾਰ ਨੇ ਮਨਰੇਗਾ ਸਕੀਮ ਦਾ ਲਗਪਗ ਭੋਗ ਪਾ ਦਿੱਤਾ ਹੈ | ਉਨ੍ਹਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਉਪਰੋਕਤ ਮੁੱਦਿਆਂ 'ਤੇ ਪੰਜਾਬ ਵਿਚ ਇਕ ਵਿਸ਼ਾਲ ਅੰਦੋਲਨ ਖੜ੍ਹਾ ਕਰਨ ਦੀ ਲੋੜ ਹੈ | ਇਸ ਤੋਂ ਇਲਾਵਾ ਇਲਾਕੇ ਦੇ ਮਸ਼ਹੂਰ ਟਰੇਡ ਯੂਨੀਅਨ ਦੇ ਸੂਬਾ ਪੱਧਰੀ ਆਗੂ ਕਾਮਰੇਡ ਰਾਜ ਸਿੰਘ ਮਲੋਟ ਨੂੰ ਵੀ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ ਗਈਆਂ | ਉਨ੍ਹਾਂ ਦੀ ਯਾਦ ਵਿਚ ਪ੍ਰਕਾਸ਼ਿਤ ਪੁਸਤਕ 'ਕਿਰਤੀਆਂ ਦੇ ਹੱਕਾਂ ਦਾ ਪਹਿਰੇਦਾਰ' ਉਨ੍ਹਾਂ ਦੀ ਸੁਪਤਨੀ ਸਵਰਨ ਕÏਰ ਨੇ ਰਿਲੀਜ਼ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ 'ਤੇ ਝਾਤ ਪਾਈ | ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਬਲਜੀਤ ਸਿੰਘ ਧਰਮਕੋਟ ਤੇ ਇਕਬਾਲ ਕÏਰ ਉਦਾਸੀ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ | ਅੱਜ ਦੀ ਕਾਨਫ਼ਰੰਸ ਨੂੰ ਪਰਮਪਾਲ ਸਿੰਘ ਆਲਮਵਾਲਾ, ਇਫ਼ਟੂ ਦੇ ਸੂਬਾ ਆਗੂ ਦਲੀਪ ਸਿੰਘ, ਜਗਸੀਰ ਸਿੰਘ ਪੰਨੀਵਾਲਾ, ਭਜਨ ਲਾਲ ਲਾਧੂਕਾ, ਜਥੇਦਾਰ ਅਵਤਾਰ ਸਿੰਘ, ਦਵਿੰਦਰ ਕੁਮਾਰ, ਦਰਸ਼ਨ ਸਿੰਘ ਘੱਗਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾ. ਜਸਵਿੰਦਰ ਸਿੰਘ ਝਬੇਲਵਾਲੀ, ਗੁਰਚਰਨ ਸਿੰਘ ਬੁੱਟਰ, ਇਸਤਰੀ ਜਾਗਿ੍ਤੀ ਮੰਚ ਦੀ ਸੂਬਾ ਆਗੂ ਚਰਨਜੀਤ ਕÏਰ ਬਰਨਾਲਾ, ਆਰ.ਐੱਮ.ਪੀ. ਯੂਨੀਅਨ ਦੇ ਆਗੂ ਡਾ. ਮਹਿੰਦਰ ਸਿੰਘ ਪੰਨੀਵਾਲਾ ਨੇ ਸੰਬੋਧਨ ਕੀਤਾ |
ਮਜ਼ਦੂਰ, ਮੁਲਾਜ਼ਮ ਅਤੇ ਵੱਖ-ਵੱਖ ਜਥੇਬੰਦੀਆਂ ਨੇ ਮਜ਼ਦੂਰ ਦਿਵਸ ਮਨਾਇਆ
ਮਲੋਟ, (ਪਾਟਿਲ)-ਮਜ਼ਦੂਰ, ਮੁਲਾਜ਼ਮ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਯਾਦ ਕਰਕੇ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਨੇ ਹਿੱਸਾ ਲਿਆ | ਮਿਸਤਰੀ ਮਜ਼ਦੂਰ ਯੂਨੀਅਨ ਮਲੋਟ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਵਲੋਂ ਲੰਗਰ ਤੇ ਚਾਹ ਪਾਣੀ ਦਾ ਪ੍ਰ੍ਰਬੰਧ ਵੀ ਕੀਤਾ ਗਿਆ | ਇਸ ਮੌਕੇ ਬੁਲਾਰੇ ਸੱਤਪਾਲ ਮੋਹਲਾਂ, ਮਾਸਟਰ ਮਨੋਹਰ ਲਾਲ ਸ਼ਰਮਾ, ਲਖਵਿੰਦਰ ਸਿੰਘ ਲੱਖਾ, ਮਾਸਟਰ ਕੁਲਵਿੰਦਰ ਸਿੰਘ, ਸੁਦਰਸ਼ਨ ਜੱਗਾ, ਸੁਰਜੀਤ ਸਿੰਘ ਗਿੱਲ, ਮਾਸਟਰ ਹਿੰਮਤ ਸਿੰਘ, ਗੁਰਚਰਨ ਸਿੰਘ ਬੁੱਟਰ, ਮਹਾਂਵੀਰ ਪ੍ਰਸਾਦ ਸ਼ਰਮਾ, ਪ੍ਰੇਮ ਲਤਾ, ਨਾਨਕ ਬਜਾਜ, ਰਾਮ ਸਿੰਘ ਭਲਾਈਆਣਾ ਨੇ ਸੰਬੋਧਨ ਕੀਤਾ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸ਼ਿਕਾਂਗੋ ਦੇ ਸ਼ਹੀਦਾਂ ਅਤੇ ਮਜ਼ਦੂਰਾਂ ਨਾਲ ਸੰਬੰਧਿਤ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਦੱਸਿਆ | ਸੱਤਪਾਲ ਮੋਹਲਾਂ ਨੇ 4 ਮਤੇ ਪੇਸ਼ ਕੀਤੇ, ਜਿਸ ਵਿਚ ਨਵਾਂ ਲੇਬਰ ਕੋਡ ਨੂੰ ਰੱਦ ਕਰਨਾ, 12 ਘੰਟੇ ਕੰਮ ਦੀ ਤਜਵੀਜ਼ ਰੱਦ ਕੀਤੀ ਜਾਵੇ, ਆਊਟਸੋਰਸ ਤੇ ਠੇਕਾ ਆਧਾਰਿਤ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਤੋਂ ਇਲਾਵਾ ਮਨਰੇਗਾ ਦੇ ਕੰਮ ਚਾਲੂ ਕੀਤੇ ਜਾਣ | ਇਸ ਮੌਕੇ ਆਸ਼ਾ ਵਰਕਰ ਦੇ ਪ੍ਰਧਾਨ ਸੁਖਜੀਵਨ ਕੌਰ, ਬੂਟਾ ਸਿੰਘ ਕਰਮਗੜ੍ਹ, ਰਾਮ ਸਿੰਘ ਪੰਜੂ, ਛਿੰਦਰਪਾਲ ਕਰਮਗੜ੍ਹ, ਹਰੀ ਰਾਮ, ਜਸਪਾਲ ਸਿੰਘ ਸੰਧੂ ਮੋਹਲਾਂ, ਬਲੋਰ ਸਿੰਘ ਮਲੋਟ, ਬਲਰਾਜ ਸਿੰਘ, ਕੁਲਵੰਤ ਸਿੰਘ, ਕਿ੍ਪਾਲ ਸਿੰਘ, ਗੁਰਨਾਮ ਸਿੰਘ, ਜਸਪਾਲ ਸਿੰਘ, ਵਿਨੋਦ ਕੁਮਾਰ, ਜਸਬੀਰ ਸਿੰਘ, ਛਿੰਦਰ ਕਰਮਗੜ੍ਹ, ਲੱਖਜੀਤ ਸਿੰਘ ਸ਼ੇਖੂ ਤੋਂ ਇਲਾਵਾ ਮਿਸਤਰੀ ਮਜ਼ਦੂਰ ਯੂਨੀਅਨ, ਪੈਨਸ਼ਨਰ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਪੰਜਾਬ ਮੰਡੀ ਬੋਰਡ ਐਸਸੀਏਸ਼ਨ, ਈ.ਟੀ.ਟੀ. ਅਧਿਆਪਕ ਯੂਨੀਅਨ, ਟੈਕਨੀਕਲ ਇੰਪਲਾਈਜ਼ ਯੂਨੀਅਨ, ਪੰਜਾਬ ਇਸਤਰੀ ਸਭਾ, ਖੇਤ ਮਜ਼ਦੂਰ ਸਭਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਮਜ਼ਦੂਰ ਮੁਕਤੀ ਮੋਰਚਾ, ਮਨਰੇਗਾ ਮਜ਼ਦੂਰ ਯੂਨੀਅਨ, ਸ਼ਹੀਦ ਭਗਤ ਸਿੰਘ ਕਲੱਬ, ਪੰਜਾਬ ਮੰਡੀ ਬੋਰਡ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਤੇ ਮੁਲਾਜ਼ਮ ਹਾਜ਼ਰ ਸਨ |
ਐੱਸ.ਡੀ. ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ
ਮਲੋਟ, (ਪਾਟਿਲ)-ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮੌਕੇ ਵਿਦਿਆਰਥੀਆਂ ਵਿਚ ਮਿਹਨਤ ਦੀ ਮਹੱਤਤਾ ਤੇ ਮਜ਼ਦੂਰ ਵਰਗ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ ਅਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ | ਇਸੇ ਤਰ੍ਹਾਂ ਹਾਈ ਕਲਾਸਾਂ ਦੇ ਵਿਦਿਆਰਥੀਆਂ ਲਈ ਮਜ਼ਦੂਰ ਦਿਵਸ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ | ਪਿ੍ੰਸੀਪਲ ਡਾ. ਨੀਰੂ ਬਠਲਾ ਵਾਟਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਸਾਨੂੰ ਹਰ ਮਿਹਨਤਕਸ਼ ਵਿਅਕਤੀ ਦਾ ਸਤਿਕਾਰ ਕਰਨਾ ਚਾਹੀਦਾ ਹੈ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਨੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਨਹਿਰੂ ਹਾਊਸ ਦੇ ਇੰਚਾਰਜ ਲਲਿਤਾ ਕਮਰਾ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਵਾਂ ਦੇ ਸ਼ਲਾਘਾਯੋਗ ਯਤਨਾਂ ਲਈ ਧੰਨਵਾਦ ਕੀਤਾ |
ਦੋਦਾ ਵਿਖੇ ਬਿਜਲੀ ਕਾਮਿਆਂ ਵਲੋਂ ਮਈ ਦਿਵਸ ਮਨਾਇਆ
ਦੋਦਾ, (ਰਵੀਪਾਲ)-ਬਿਜਲੀ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਦੋਦਾ ਦੇ ਕਾਮਿਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ ਸਬ ਡਵੀਜ਼ਨ ਦਫ਼ਤਰ ਦੋਦਾ, ਗਰਿੱਡ ਸਬ ਸਟੇਸ਼ਨ ਕਾਉਣੀ, ਸੁਖਨਾ ਅਬਲੂ, ਮੱਲਣ ਤੇ ਵਾੜਾ ਕਿਸ਼ਨਪੁਰਾ ਗਰਿੱਡ ਸਬ ਸਟੇਸ਼ਨ 'ਤੇ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਦਾ ਝੰਡਾ ਲਹਿਰਾ ਕੇ ਮਜ਼ਦੂਰ ਜਥੇਬੰਦੀ ਨਾਲ ਸਾਂਝੇ ਤੌਰ 'ਤੇ ਮਨਾਇਆ ਗਿਆ | ਇਸ ਸਮੇਂ ਟੈਕਨੀਕਲ ਸਰਵਿਸ ਯੂਨੀਅਨ ਸਬ ਡਵੀਜ਼ਨ ਦੋਦਾ ਦੇ ਪ੍ਰਧਾਨ ਧਰਮਿੰਦਰ ਸਿੰਘ ਗੂੜ੍ਹੀ ਸੰਘਰ, ਮਨਜਿੰਦਰ ਸਿੰਘ ਵਾੜਾ ਕਿਸ਼ਨਪੁਰਾ, ਵੀਰੂ ਸਿੰਘ, ਡਵੀਜ਼ਨ ਪ੍ਰਧਾਨ ਦਲਜੀਤ ਸਿੰਘ ਹਰੀਕੇ ਕਲਾਂ, ਮਜ਼ਦੂਰ ਜਥੇਬੰਦੀ ਦੇ ਚੰਬਾ ਸਿੰਘ ਵਾੜਾ ਕਿਸ਼ਨਪੁਰਾ ਨੇ ਮਜ਼ਦੂਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਲਦੇਵ ਸਿੰਘ ਅਤੇ ਹਰਜੀਤ ਸਿੰਘ ਗੂੜ੍ਹੀ ਸੰਘਰ ਸੀਨੀਅਰ ਮੀਤ ਪ੍ਰਧਾਨ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਉਨ੍ਹਾਂ ਵਲੋਂ ਕਿਰਤੀ ਲੋਕਾਂ ਲਈ ਆਪਣਾ ਖ਼ੂਨ ਡੋਲ੍ਹ ਕੇ ਪ੍ਰਾਪਤ ਕੀਤੇ ਗਏ ਹੱਕਾਂ ਦਾ ਜ਼ਿਕਰ ਕੀਤਾ | ਆਗੂਆਂ ਨੇ ਕਿਹਾ ਕਿ ਕਿਰਤੀ ਲੋਕਾਂ ਦੇ ਹੱਕ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਿਆ ਜਾ ਰਿਹਾ ਹੈ | ਭਗਵੰਤ ਮਾਨ ਸਰਕਾਰ ਵਲੋਂ ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਇਜਲਾਸ ਸੱਦ ਕੇ ਮਜ਼ਦੂਰ ਪੱਖੀ ਹੋਣ ਦਾ ਡਰਾਮਾ ਕੀਤਾ ਜਾ ਰਿਹਾ ਹੈ | ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ-ਪਰੋਖੇ ਕੀਤਾ ਹੋਇਆ ਹੈ, ਜਿਸ ਕਰਕੇ ਸਾਰੇ ਕਿਰਤੀ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ | ਇਸ ਮੌਕੇ ਦਲਜੀਤ ਸਿੰਘ ਡਵੀਜ਼ਨ ਪ੍ਰਧਾਨ, ਸ਼ੁਭਕਰਨ ਸਿੰਘ ਆਦਿ ਵੀ ਮੌਜੂਦ ਸਨ |
ਮਜ਼ਦੂਰ ਦਿਵਸ 'ਤੇ ਵਿਸ਼ੇਸ਼ ਸੈਸ਼ਨ ਸਰਕਾਰ ਦੀ ਡਰਾਮੇਬਾਜ਼ੀ-ਜੀ. ਟੀ. ਯੂ.
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੁਆਰਾ ਮਜ਼ਦੂਰ ਦਿਵਸ 'ਤੇ ਪੰਜਾਬ ਵਿਧਾਨ ਸਭਾ ਦਾ ਕੀਤੇ ਗਏ ਵਿਸ਼ੇਸ਼ ਸੈਸ਼ਨ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਮੁਲਾਜ਼ਮਾਂ ਤੇ ਮਜ਼ਦੂਰਾਂ ਨਾਲ ਮਜ਼ਾਕ ਤੇ ਸਰਕਾਰ ਦਾ ਆਪਣੀ ਸਾਖ਼ ਬਚਾਉਣ ਲਈ ਡਰਾਮੇਬਾਜ਼ੀ ਕਰਾਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ ਸ਼ਰਮਾ, ਮੀਤ ਪ੍ਰਧਾਨ ਬਲਦੇਵ ਸਿੰਘ ਸਾਹੀਵਾਲ, ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਅਨੁਸਾਰ ਨਾ ਤਾਂ ਡੇਲੀਵੇਜ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ, ਮਿਡ-ਡੇ-ਮੀਲ, ਦਿਹਾੜੀਦਾਰ ਕਾਮਿਆਂ ਨੂੰ ਪੂਰੀ ਤੇ ਢੁਕਵੀਂ ਮਜ਼ਦੂਰੀ ਨਾ ਦੇਣਾ, ਆਂਗਣਵਾੜੀ ਤੇ ਬੇਰੁਜ਼ਗਾਰਾਂ ਦਾ ਸੋਸ਼ਣ ਕਰਨਾ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ.ਏ., ਰੋਕੇ ਭੱਤੇ ਬਹਾਲ ਨਾ ਕਰਨਾ, ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ ਕਰਕੇ ਮਜ਼ਦੂਰਾਂ ਦੇ ਨਾਂਅ 'ਤੇ ਸ਼ੈਸ਼ਨ ਸੱਦ ਕੇ ਆਪਣੀ ਸਾਖ਼ ਬਚਾਉਣ ਲਈ ਨਿਰੀ ਡਰਾਮੇਬਾਜ਼ੀ ਕਰਕੇ ਪੰਜਾਬ ਦੇ ਲੋਕਾਂ ਦੇ ਧਨ ਦੀ ਬਰਬਾਦੀ ਕਰ ਰਹੀ ਹੈ | ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਸਲ ਵਿਚ ਮਜ਼ਦੂਰਾਂ ਤੇ ਮੁਲਾਜ਼ਮਾਂ ਨਾਲ ਹਮਦਰਦੀ ਰੱਖਦੀ ਹੈ, ਤਾਂ ਮੰਗਾਂ ਨੂੰ ਬਿਨਾਂ ਦੇਰੀ ਅਮਲੀ ਰੂਪ ਵਿਚ ਪ੍ਰਵਾਨ ਕਰਕੇ ਲਾਗੂ ਕਰੇ | ਇਸ ਸਮੇਂ ਅਧਿਆਪਕ ਆਗੂ ਵਿਕਰਮਜੀਤ ਸਿੰਘ, ਕੁਲਬੀਰ ਜੋਸ਼ੀ, ਡਾ. ਅਮਨਦੀਪ ਸਿੰਘ, ਬਲਕਰਨ ਸਿੰਘ, ਸਤੀਸ਼ ਕੌਸ਼ਿਕ, ਰਾਜੇਸ਼ ਵਰਮਾ, ਹਰਜੀਤ ਸਿੰਘ, ਅਮਰੀਕ ਸਿੰਘ, ਜਸਵਿੰਦਰ ਸਿੰਘ, ਬਲਜਿੰਦਰ ਸਿੰਘ ਹਾਜ਼ਰ ਸਨ¢
ਪਾਵਰਕਾਮ ਡਵੀਜ਼ਨ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਨੇ ਮਈ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਪਾਵਰਕਾਮ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਵਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਹਰਾਜ ਅਤੇ ਸਕੱਤਰ ਅਮਰਜੀਤ ਪਾਲ ਸ਼ਰਮਾ ਨੇ ਦੱਸਿਆ ਕਿ 1886 ਵਿਚ ਮਜ਼ਦੂਰ ਜਮਾਤ ਦੇ ਹਾਲਾਤ ਬਹੁਤ ਬਦਤਰ ਸਨ | ਗੁਰਸੇਵਕ ਸਿੰਘ, ਸਿਵਦੀਪ ਸਿੰਘ ਬਰਾੜ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਉਸ ਸਮੇਂ ਮਜ਼ਦੂਰਾਂ ਦੇ ਸੰਘਰਸ਼ ਨੇ ਅੰਗੜਾਈ ਭਰੀ ਅਤੇ ਸਾਮਰਾਜੀਆਂ ਦੇ ਖ਼ਿਲਾਫ਼ ਸੰਘਰਸ਼ ਦਾ ਆਗਾਜ਼ ਕੀਤਾ ਗਿਆ | ਮਜ਼ਦੂਰ ਸੰਘਰਸ਼ ਤੇ ਹਕੂਮਤ ਵਲੋਂ ਗੋਲੀਆਂ ਚਲਾ ਕੇ ਆਗੂਆਂ ਨੂੰ ਸ਼ਹੀਦ ਕਰ ਦਿੱਤਾ ਗਿਆ | ਇਸ ਤੋਂ ਬਾਅਦ ਮਜ਼ਦੂਰ ਸੰਘਰਸ਼ ਦੀ ਜਿੱਤ ਹੋਈ | ਇਸ ਵਿਰਾਸਤ ਨੂੰ ਅੱਗੇ ਤੋਰਦਿਆਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਗੁਲਾਬ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਅਤੇ ਲੁੱਟ ਰਹਿਤ ਸਮਾਜ ਸਿਰਜਣ ਤੇ ਮਜ਼ਦੂਰ ਜਮਾਤ ਨੂੰ ਆਪਣੀ ਹੋਣੀ ਦੇ ਮਾਲਕ ਬਣਾਉਣ ਲਈ ਜੱਦੋ-ਜਹਿਦ ਜਾਰੀ ਰੱਖ ਕੇ ਸਾਮਰਾਜੀਆਂ ਦਾ ਬੋਰੀ ਬਿਸਤਰਾ ਗੋਲ ਕੀਤਾ | ਪਰ ਅਫ਼ਸੋਸ ਕਿ ਸਾਮਰਾਜੀ ਪਰਦੇ ਪਿੱਛੇ ਚਲੇ ਗਏ ਅਤੇ ਸਾਮਰਾਜੀਆਂ ਦੇ ਦਲਾਲ ਰਾਜ ਗੱਦੀਆਂ 'ਤੇ ਕਬਜ਼ਾ ਕਰਕੇ ਬੈਠ ਗਏ | ਅੱਜ ਦੇ ਹਾਲਤ ਪਹਿਲਾਂ ਨਾਲੋਂ ਵੀ ਬਹੁਤ ਬਦਤਰ ਹਨ | ਆਗੂਆਂ ਨੇ ਕਿਹਾ ਕਿ ਲੋਕਾਂ ਨੂੰ ਜਥੇਬੰਦ ਕਰਕੇ ਸੰਘਰਸ਼ਾਂ 'ਚ ਸ਼ਾਮਿਲ ਕਰਨ ਦੀ ਲੋੜ ਹੈ | ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਤੋਂ ਜਰਨੈਲ ਸਿੰਘ, ਮੇਜਰ ਸਿੰਘ, ਭਜਨ ਸਿੰਘ, ਜਸਵਿੰਦਰ ਸਿੰਘ, ਸ਼ਿਵਦੀਪ ਸਿੰਘ ਬਰਾੜ, ਵਿਜੈ ਕੁਮਾਰ ਸੋਈ, ਬਲਜੀਤ ਸਿੰਘ ਬਰਾੜ, ਬਲਦੇਵ ਸਿੰਘ ਟੀ.ਐੱਸ.ਯੂ. ਤੋਂ ਗੁਰਸੇਵਕ ਸਿੰਘ, ਬਰਜਿੰਦਰ ਕੁਮਾਰ, ਟੀ.ਐੱਸ.ਯੂ. ਭੰਗਲ ਤੋਂ ਗੁਰਦਿੱਤ ਸਿੰਘ, ਠੇਕਾ ਮੁਲਾਜ਼ਮ ਪਾਵਰਕਾਮ ਤੇ ਟਰਾਂਸਕੋ ਤੋਂ ਕੇਸਰ ਸਿੰਘ, ਜੀਤ ਸਿੰਘ, ਸੀ.ਐੱਚ.ਬੀ. ਲਾਇਨਮੈਨ ਯੂਨੀਅਨ ਤੋਂ ਅੰਗਰੇਜ ਸਿੰਘ, ਪੈਸਕੋ ਤੋਂ ਮੀਨਾ ਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ |
ਇੰਟਕ ਵਲੋਂ ਮਜ਼ਦੂਰ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਹਰਮਹਿੰਦਰ ਪਾਲ)-ਜ਼ਿਲ੍ਹਾ ਇੰਟਕ ਸ੍ਰੀ ਮੁਕਤਸਰ ਸਾਹਿਬ ਵਲੋਂ ਨਹਿਰੀ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਿਕਾਂਗੋ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਇੰਟਕ ਜਥੇਬੰਦੀ ਦਾ ਝੰਡਾ ਲਹਿਰਾ ਕੇ ਮਜ਼ਦੂਰ ਦਿਵਸ ਮਾਨਾਇਆ ਗਿਆ | ਇਸ ਮੌਕੇ ਪ੍ਰਧਾਨ ਕਰਮਜੀਤ ਸ਼ਰਮਾ, ਪਿ੍ੰ. ਜਸਵੰਤ ਸਿੰਘ ਬਰਾੜ, ਕਾਲਾ ਸਿੰਘ ਬੇਦੀ, ਚੌਧਰੀ ਬਲਬੀਰ ਸਿੰਘ, ਗੁਰਦਾਸ ਗਿਰਧਰ, ਮੁਕੰਦ ਸਿੰਘ, ਇੰਦਰਪਾਲ ਸਿੰਘ ਸੰਧੂ, ਭੰਵਰ ਲਾਲ ਸ਼ਰਮਾ, ਕਰਮਜੀਤ ਸਿੰਘ ਸਮਾਘ, ਬ੍ਰਹਮਕੁਮਾਰੀ ਆਸ਼ਰਮ ਤੋਂ ਦੀਦੀ ਸਿੰਮੀ ਦੇਵੀ ਆਦਿ ਨੇ ਸੰਬੋਧਨ ਕਰਦਿਆਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਸਰਕਾਰਾਂ ਵਲੋਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਕੀਤੇ ਜਾ ਰਹੇ ਵਿਤਕਰੇ ਦੀ ਭਰਪੂਰ ਨਿਖੇਧੀ ਕੀਤੀ ਗਈ | ਇਸ ਮੌਕੇ ਹਰਭਗਵਾਨ, ਬੀਰਬਲ ਸ਼ਰਮਾ, ਵੀਰ ਚੰਦ, ਰਾਜਦੀਪ, ਗੁਰਜੋਤ ਸਿੰਘ, ਗੁਰਿਦਪਾਲ ਸਿੰਘ ਬਰਾੜ, ਮੰਦਰ ਸਿੰਘ ਧਾਲੀਵਾਲ, ਦਰਸ਼ਨਾ ਦੇਵੀ, ਰਜਿੰਦਰ ਕੌਰ, ਹਰਦੇਵ ਕੌਰ, ਕਰਮਲਜੀਤ ਕੌਰ, ਦਰਸ਼ਨ ਸਿੰਘ ਬਰਾੜ, ਗੁਰਮੇਜ ਸਿੰਘ, ਸੁਰਿੰਦਰਪਾਲ ਸਿੰਘ, ਪ੍ਰਸ਼ੋਤਮ ਲਾਲ ਗਿਰਧਰ, ਖੁਸ਼ਪਾਲ ਸਿੰਘ ਸੰਧੂ, ਹਰਬੰਸ ਸਿੰਘ, ਛੋਟਾ ਸਿੰਘ, ਚਿੜਿਆ ਸਿੰਘ, ਗੁਰਮੀਤੀ ਸਿੰਘ, ਸੁਭਾਸ਼ ਸ਼ਰਮਾ, ਸੁਖਪਾਲ ਸਿੰਘ, ਅਜੈ ਚੋਪੜਾ, ਚਿਰਾਗ, ਅਮਨਦੀਪ ਬੁੱਟਰ, ਗੁਰਤੇਜ ਸਿੰਘ ਅਤੇ ਮੱਖਣ ਸਿੰਘ ਆਦਿ ਹਾਜ਼ਰ ਸਨ |
ਸੰਕਲਪ ਸੁਸਾਇਟੀ ਦੁਆਰਾ ਕਿਰਤੀ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਹਰਮਹਿੰਦਰ ਪਾਲ)-ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦੁਆਰਾ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਕਿਰਤੀ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਏ.ਐੱਸ.ਆਈ. ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਤਰਸੇਮ ਸਿੰਘ ਬਰਾੜ ਪੁੱਜੇ | ਉਨ੍ਹਾਂ ਸਥਾਨਕ ਕੋਟਕਪੂਰਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਪਾਰਕ ਕੋਲ ਬਣੇ ਮਜ਼ਦੂਰਾਂ ਦੇ ਆਰਾਮ ਘਰ ਵਿਖੇ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਨਸ਼ਿਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ | ਚੇਅਰਪਰਸਨ ਕੁਲਵਿੰਦਰ ਕੌਰ ਬਰਾੜ ਨੇ ਆਖਿਆ ਕਿ ਤੰਦਰੁਸਤ ਸਮਾਜ ਦੇ ਨਿਰਮਾਣ ਵਿਚ ਮਜ਼ਦੂਰ ਵਰਗ ਦਾ ਹਮੇਸ਼ਾ ਅਹਿਮ ਰੋਲ ਰਿਹਾ ਹੈ | ਉਨ੍ਹਾਂ ਦੀ ਮਦਦ ਨਾਲ ਇਸ ਮੌਕੇ ਹਾਜ਼ਰ ਸਾਰੇ ਮਜ਼ਦੂਰਾਂ ਨੂੰ ਲੱਡੂ ਵੀ ਵੰਡੇ ਗਏ | ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਹਾਜ਼ਰ ਮਜ਼ਦੂਰਾਂ ਨੂੰ ਮਜ਼ਦੂਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਜਲਦੀ ਹੀ ਮਜ਼ਦੂਰਾਂ ਲਈ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਜਾਵੇਗਾ | ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸੰਸਥਾ ਦੁਆਰਾ ਸੀ.ਐੱਸ.ਸੀ. ਅਕੈਡਮੀ ਦੀ ਮਦਦ ਨਾਲ ਵਿਸ਼ੇਸ਼ ਤੌਰ 'ਤੇ ਮਜ਼ਦੂਰ ਵਰਗ ਦੇ ਬੱਚਿਆਂ ਲਈ ਮੁਫ਼ਤ ਇਹ ਆਈ ਪ੍ਰੋਡਕਟੀਵਿਟੀ ਕੋਰਸ ਵਿਚ ਦਾਖ਼ਲਾ ਸ਼ੁਰੂ ਹੈ | ਇਸ ਮੌਕੇ ਚੇਅਰਪਰਸਨ ਕੁਲਵਿੰਦਰ ਕੌਰ ਬਰਾੜ, ਪਵਿੱਤਰ ਸਿੰਘ ਜ਼ਿਲ੍ਹਾ ਐੱਮ.ਐੱਲ.ਟੀ., ਰਵਿੰਦਰ ਅਰੋੜਾ, ਸੁਮੀਤ ਸਿੰਘ, ਨਿਰਭੈ ਸਿੰਘ ਬਰਾੜ, ਸੀਨੀਅਰ ਕਾਂਸਟੇਬਲ ਸੁਖਜਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ, ਭਵਕੀਰਤ ਸਿੰਘ ਸੰਧੂ ਤੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਹਾਜ਼ਰ ਸਨ |
ਸੀਟੂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, (ਰਣਜੀਤ ਸਿੰਘ ਢਿੱਲੋਂ)-ਅੱਜ ਸੀਟੂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਬੱਸ ਸਟੈਂਡ ਵਿਖੇ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਲੇਬਰ ਐਕਟ ਨੂੰ ਤੋੜ ਕੇ ਚਾਰ ਕੋਡ ਬਣਾ ਕੇ ਮਜ਼ਦੂਰਾਂ-ਮੁਲਾਜ਼ਮਾਂ ਦੇ ਹੱਕਾਂ ਨੂੰ ਖ਼ਤਮ ਕਰਨ ਦੀ ਨਿਖੇਧੀ ਕੀਤੀ ਗਈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੇਬਰ ਐਕਟ ਨੂੰ ਤੋੜ ਕੇ ਚਾਰ ਕੋਡ ਬਣਾ ਕੇ ਇਸ ਨੂੰ ਕਾਰਪੋਰੇਟ ਦੇ ਪੱਖ ਵਿਚ ਬਣਾ ਕੇ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕੋਡਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ-ਮੁਲਾਜ਼ਮਾਂ ਦੀ ਕੰਮ ਦੀ ਡਿਊਟੀ 8 ਘੰਟੇ ਤੋਂ 12 ਘੰਟੇ ਅਤੇ ਐਤਵਾਰ ਦੀ ਛੁੱਟੀ ਖ਼ਤਮ ਹੋ ਜਾਵੇਗੀ | ਦੇਸ਼ ਦਾ ਮਜ਼ਦੂਰ ਤੇ ਮੁਲਾਜ਼ਮ ਵਰਗ ਫ਼ੈਕਟਰੀ ਤੇ ਕੰਪਨੀਆਂ ਦੇ ਮਾਲਕਾਂ ਦਾ ਗ਼ੁਲਾਮ ਬਣ ਕੇ ਰਹਿ ਜਾਵੇਗਾ | ਕੇਂਦਰ ਸਰਕਾਰ ਨੇ ਪਹਿਲਾਂ ਹੀ ਮਨਰੇਗਾ ਕਾਨੂੰਨ ਤੋੜਿਆ ਤੇ ਹੁਣ ਬਿਜਲੀ ਸੋਧ ਬਿੱਲ 2025 ਲਾਗੂ ਕਰਕੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ, ਤਾਂ ਜੋ ਗ਼ਰੀਬਾਂ ਨੂੰ ਮਿਲਣ ਵਾਲੀ ਮੁਫ਼ਤ ਬਿਜਲੀ ਦੀ ਸਹੂਲਤ ਖ਼ਤਮ ਕਰਕੇ ਦੇਸ਼ ਦੇ ਸਾਰੇ ਬਿਜਲੀ ਦੇ ਢਾਂਚੇ ਨੂੰ ਅਡਾਨੀ ਦੇ ਹਵਾਲੇ ਕਰ ਦਿੱਤਾ ਜਾਵੇ ਤੇ ਬੀਜ ਸੋਧ ਬਿੱਲ ਲਿਆ ਕੇ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਬੀਜ ਤਿਆਰ ਕਰਕੇ ਖੇਤੀ ਕਰਨ ਦੇ ਹੱਕ ਨੂੰ ਖੋਹ ਕੇ ਬੀਜ ਕੰਪਨੀਆਂ ਨੂੰ ਖੇਤੀ 'ਤੇ ਕਬਜ਼ਾ ਕਰਨ ਦੀ ਖੁੱਲ੍ਹ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੱਚੇ ਤੇ ਠੇਕੇ 'ਤੇ ਭਰਤੀ ਕੀਤੇ ਮੁਲਾਜ਼ਮਾਂ ਨੂੰ ਪੱਕਾ ਨਾ ਕਰਕੇ ਅਤੇ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਨ ਦੀ ਬਜਾਏ ਸਾਰੇ ਵਿਭਾਗਾਂ ਵਿਚ ਠੇਕੇ 'ਤੇ ਭਰਤੀ ਜਾਰੀ ਰੱਖ ਕੇ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਨੂੰ ਛਿੱਕੇ ਟੰਗ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ | ਇਸ ਮੌਕੇ ਸੀਟੂ ਦੇ ਜ਼ਿਲ੍ਹਾ ਆਗੂ ਕਾਮਰੇਡ ਤਰਸੇਮ ਲਾਲ, ਕਮਲ ਦਾਸ, ਰਾਜ ਕੁਮਾਰ, ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਸ ਯੂਨੀਅਨ ਦੇ ਆਗੂ ਕਮਲ ਕੁਮਾਰ, ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਧਰਮਪਾਲ ਝਬੇਲਵਾਲੀ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਦੀਦਾਰ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਗੁਰਦਾਸ ਸਿੰਘ, ਹਰਵਿੰਦਰ ਪਾਲ, ਸੁਖਦੇਵ ਸਿੰਘ, ਪ੍ਰਦੀਪ ਦੁੱਗਲ, ਲਛਮਣ ਸਿੰਘ ਲੰਡੇਰੋਡੇ, ਮੱਖਣ ਸਿੰਘ, ਕਰਨੈਲ ਸਿੰਘ, ਜੀਤ ਸਿੰਘ ਧਿਗਾਣਾ, ਮਲਕੀਅਤ ਸਿੰਘ, ਸੁਖਦੇਵ ਸਿੰਘ, ਜਗਸੀਰ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਖੂੰਨਣ ਕਲਾਂ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਡੀਪੂ ਪ੍ਰਧਾਨ, ਜਗਸੀਰ ਸਿੰਘ ਮਾਣਕ ਪ੍ਰਧਾਨ, ਗੁਰਸੇਵਕ ਸਿੰਘ ਸਕੱਤਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਮੁਲਾਜ਼ਮ ਵਰਕਰ ਹਾਜ਼ਰ ਸਨ |