ਲੰਬੀ, 4 ਮਈ (ਮੇਵਾ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਲੰਬੀ ਦੇ ਦੌਰੇ ਦੌਰਾਨ ਪਿੰਡ ਪੰਜਾਵਾ ਪਹੁੰਚੇ | ਉੱਥੇ ਉਨ੍ਹਾਂ ਪਿੰਡ ਪੰਜਾਵਾ ਦੀ ਵਸਨੀਕ ਹੋਣਹਾਰ ਕਬੱਡੀ ਖਿਡਾਰਨ ਸਿਮਰਨ ਕੰਬੋਜ ਜਿਸ ਨੇ ਹਾਲ ਹੀ ਵਿਚ ਚੀਨ ਵਿਖੇ ਏਸ਼ੀਅਨ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਬੱਡੀ ਵਿਚ ਸੋਨੇ ਦਾ ਤਗ਼ਮਾ ਜਿੱਤਿਆ, ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਅਤੇ ਨਿੱਜੀ ਤੌਰ 'ਤੇ ਕਬੱਡੀ ਖਿਡਾਰਨ ਨੂੰ 51,000 ਰੁਪਏ ਦੇ ਕੇ ਹੌਂਸਲਾ ਅਫ਼ਜਾਈ ਕੀਤੀ | ਉਨ੍ਹਾਂ ਕਬੱਡੀ ਖਿਡਾਰਨ ਅਤੇ ਉਸ ਦੇ ਪਿਤਾ ਸੁਖਪਾਲ ਚੰਦ ਕੰਬੋਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਇਲਾਕੇ ਦੀ ਸ਼ਾਨ ਇਸ ਖਿਡਾਰਨ ਧੀ ਨੂੰ ਉਨ੍ਹਾਂ ਨਾਲ ਮਿਲਾਉਣਗੇ ਅਤੇ ਪੰਜਾਬ ਸਰਕਾਰ ਵਿਚ ਨੌਕਰੀ ਦੇਣ ਦੀ ਸਿਫ਼ਾਰਸ਼ ਵੀ ਕਰਨਗੇ | ਉਨ੍ਹਾਂ ਆਖ਼ਰ ਵਿਚ ਕਿਹਾ ਕਿ ਕਬੱਡੀ ਖਿਡਾਰਨ ਸਿਮਰਨ ਕੰਬੋਜ ਨੇ ਅੰਤਰਰਾਸ਼ਟਰੀ ਪੱਧਰ 'ਤੇ ਸੋਨ ਤਗ਼ਮਾ ਹਾਸਿਲ ਕਰਕੇ ਆਪਣਾ, ਮਾਪਿਆਂ, ਹਲਕੇ ਤੇ ਪੰਜਾਬ ਤੋਂ ਇਲਾਵਾ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਖਿਡਾਰਨ ਸਿਮਰਨ ਕੰਬੋਜ ਨੇ ਦੱਸਿਆ ਕਿ ਉਹ ਪਹਿਲਾਂ ਵੀ 25 ਤੋਂ ਵੱਧ ਨੈਸ਼ਨਲ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ ਅਤੇ ਕਈ ਵਾਰ ਤਗ਼ਮੇ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੀ ਹੈ | ਉਹ ਨੈਸ਼ਨਲ ਖੇਡਾਂ ਅਤੇ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਲਗਾਤਾਰ 3 ਸਾਲ ਸੋਨੇ ਦੇ ਤਗ਼ਮੇ ਜਿੱਤ ਚੁੱਕੀ ਹੈ | ਉਸ ਦੀ ਇਸ ਲਗਾਤਾਰ ਮਿਹਨਤ ਤੇ ਵਧੀਆ ਪ੍ਰਦਰਸ਼ਨ ਕਰਕੇ ਹੁਣ ਉਹ ਜਪਾਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਕੈਂਪ ਵਿਚ ਵੀ ਚੁਣੀ ਗਈ ਹੈ | ਪਿੰਡ ਪੰਜਾਵਾ ਦੇ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਪਿੰਡ ਦੀ ਧੀ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂਅ ਰੋੋਸ਼ਨ ਕਰ ਰਹੀ ਹੈ | ਇਸ ਕਰਕੇ ਪਿੰਡ ਵਾਸੀਆਂ ਤੇ ਹਲਕੇ ਦੇ ਹੋਰ ਵੀ ਮੁਹਤਬਰਾਂ ਨੇ ਉਸ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਜੀਆਂ | ਇਸ ਮੌਕੇ ਸੁਖਪਾਲ ਚੰਦ ਕੰਬੋਜ, ਹਰਮਨ ਕੰਬੋਜ, ਗੁਰਬਾਜ ਸਿੰਘ ਵਣਵਾਲਾ, ਨਿਰਜੀਤ ਸਿੰਘ ਸਰਪੰਚ ਤੱਪਾਖੇੜਾ, ਰਮੇਸ਼ ਕੁਮਾਰ ਸਰਪੰਚ ਪੰਜਾਵਾ ਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |