ਸ੍ਰੀ ਮੁਕਤਸਰ ਸਾਹਿਬ, 4 ਮਈ (ਰਣਜੀਤ ਸਿੰਘ ਢਿੱਲੋਂ)-ਐੱਨ.ਐੱਸ.ਕਿਊ.ਐੱਫ਼. ਵੋਕੇਸ਼ਨਲ ਟੀਚਰਜ਼ ਫ਼ਰੰਟ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ | ਇਸ ਤੋਂ ਬਾਅਦ ਫ਼ਰੰਟ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਸੁਪਨੇ ਵਿਖਾ ਕੇ ਪੰਜਾਬ ਦੀ ਸੱਤਾ ਵਿਚ ਆਈ, ਲੇਕਿਨ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਵੀ ਕਿਸੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ | ਸਰਕਾਰ ਨੇ ਸਰਕਾਰੀ ਸਕੂਲਾਂ ਵਿਚ ਲੱਗੇ 3670 ਐੱਨ.ਐੱਸ.ਕਿਊ.ਐੱਫ਼. ਵੋਕੇਸ਼ਨਲ ਟਰੇਨਰਾਂ ਨੂੰ ਪੱਕਾ ਕਰਨ ਦੀ ਥਾਂ ਲਾਰੇ ਲਗਾ ਕੇ ਡੰਗ ਟਪਾਊ ਨੀਤੀ ਅਪਣਨਾ ਰਹੀ ਹੈ | ਫ਼ਰੰਟ ਵਲੋਂ ਸਿੱਖਿਆ ਵਿਭਾਗ, ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ | ਮਨਪ੍ਰੀਤ ਸਿੰਘ ਨੇ ਦੱਸਿਆ ਕਿ ਐੱਨ.ਐੱਸ.ਕਿਊ.ਐੱਫ਼. ਵੋਕੇਸ਼ਨਲ ਟੀਚਰਜ਼ ਫ਼ਰੰਟ ਪੰਜਾਬ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਪ੍ਰਾਈਵਟ ਕੰਪਨੀਆਂ ਨੂੰ ਪੱਕੇ ਤੌਰ 'ਤੇ ਬਾਹਰ ਕੱਢ ਕੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰੇ | ਇਸ ਸੰਬੰਧੀ ਆਪਣੀਆਂ ਮੰਗਾਂ ਮੰਨਵਾਉਣ ਲਈ ਅਧਿਆਪਕਾਂ ਵਲੋਂ 9 ਮਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਰਕਾਰ ਦੇ ਝੂਠੇ ਵਾਅਦੇ ਤੇ ਵਿਭਾਗ ਦੇ ਅਫ਼ਸਰਾਂ ਦੀਆਂ ਨਾਲਾਇਕੀਆਂ ਕਰਕੇ ਪਾਲਸੀ ਬਣਾਉਣ ਦੀ ਦੇਰੀ, ਤਨਖ਼ਾਹ ਸਮੇਂ ਸਿਰ ਨਾ ਆਉਣਾ, ਕਿਤਾਬਾਂ ਨੂੰ ਸਮੇਂ ਸਿਰ ਸਕੂਲਾਂ ਤੱਕ ਨਾ ਪੁੱਜਣਾ, ਪੁਰਾਣੇ ਸਾਥੀਆਂ ਦੀ ਬਦਲੀ ਨੀਤੀ ਨਾ ਬਣਾਉਣਾ ਨੂੰ ਜੱਗ ਜ਼ਾਹਿਰ ਕੀਤਾ ਜਾਵੇਗਾ | ਇਸ ਮੌਕੇ ਮਨਪ੍ਰੀਤ ਸਿੰਘ, ਜਗਜੀਤ ਸਿੰਘ, ਕੁਲਵਿੰਦਰ ਸਿੰਘ, ਕੰਵਰਪਾਲ ਸਿੰਘ, ਮਨਵੀਰ ਸੰਧੂ, ਦਲਵਿੰਦਰ ਸਿੰਘ, ਸੱਤਪਾਲ ਸਿੰਘ, ਰਾਜਵੀਰ ਕੌਰ, ਗਗਨਦੀਪ ਕੌਰ, ਰਮਿੰਦਰ ਕੌਰ, ਜਸਦੀਪ ਕੌਰ, ਸ਼ਬਨਮ, ਸੰਦੀਪ ਕੌਰ ਅਤੇ ਹੋਰ ਵੋਕੇਸ਼ਨਲ ਅਧਿਆਪਕ ਮੌਜੂਦ ਸਨ |