ਫ਼ਰੀਦਕੋਟ, 12 ਮਈ (ਜਸਵੰਤ ਸਿੰਘ ਪੁਰਬਾ)-ਪੰਜਾਬ ਅੰਦਰ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਤਹਿਤ ਫ਼ਰੀਦਕੋਟ ਨਗਰ ਕੌਂਸਲ ਦੇ ਬਾਹਰ ਹੜਤਾਲ 'ਤੇ ਬੈਠੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਨੇ ਪੂਰਾ ਸਮਰਥਨ ਦਿੱਤਾ ਹੈ | ਅੱਜ ਹੜਤਾਲ ਵਾਲੀ ਜਗਾ 'ਤੇ ਬੱਬੂ ਬਰਾੜ ਨੇ ਸਫ਼ਾਈ ਸੇਵਕ ਆਗੂਆਂ ਨਾਲ ਗੱਲਬਾਤ ਕਰਦਿਆਂ ਉਨਾਂ ਦੀਆਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਫ਼ਾਈ ਸੇਵਕਾਂ ਦੀਆਂ ਮੰਗਾਂ ਤੁੰਰਤ ਮੰਨੀਆਂ ਜਾਣ | ਬੱਬੂ ਬਰਾੜ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਹੜਤਾਲ ਕਾਰਨ ਪੂਰੇ ਸ਼ਹਿਰ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ ਤੇ ਥਾਂ ਥਾਂ 'ਤੇ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ |