ਖੇਤੀਬਾੜੀ ਮੰਤਰੀ ਦੇ ਹਲਕੇ 'ਚ ਨਹੀਂ ਖੇਤੀਬਾੜੀ ਅਫ਼ਸਰ, ਪੰਜਾਬ 'ਚ 223 'ਚੋਂ 95 ਅਸਾਮੀਆਂ ਖਾਲੀ <br/>
ਅਜੀਤ ਡੈਸਕ
15-05-2026
ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਡਾ. ਹਰਮਨਦੀਪ ਸਿੰਘ ਘੁੰਮਣ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਜਸਪਾਲ ਧੰਜੂ, ਵਿਕਰਾਂਤ ਅਤੇ ਸਤਵਿੰਦਰਬੀਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਤਰੱਕੀਆਂ, ਪੇ-ਪੈਰਿਟੀ ਅਤੇ ਨਵੀਆਂ ਭਰਤੀਆਂ ਦੇ ਮਾਮਲੇ 'ਚ ਲਗਾਤਾਰ ਟਾਲਮਟੋਲ ਕਰ ਰਹੀ ਹੈ | ਐਸੋਸੀਏਸ਼ਨ ਨੇ ਐਲਾਨ ਕੀਤਾ ਕਿ ਕੱਲ੍ਹ 15 ਮਈ ਤੋਂ ਸੂਬੇ ਭਰ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਕਾਸ ਅਫ਼ਸਰ ਦਫ਼ਤਰਾਂ ਅਤੇ ਫੀਲਡ ਵਿਚ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕਰਨਗੇ |
ਜਥੇਬੰਦੀ ਨੇ ਦੋਸ਼ ਲਗਾਇਆ ਕਿ ਅਸਾਮੀਆਂ ਦੀ ਘਾਟ ਕਾਰਨ ਕਈ ਥਾਵਾਂ 'ਤੇ ਬਿਨਾਂ ਅਧਿਕਾਰਤ ਲਿਖਤੀ ਹੁਕਮਾਂ ਦੇ ਗੈਰ-ਸਮਰੱਥ ਅਧਿਕਾਰੀਆਂ ਰਾਹੀਂ ਈ-ਐਗਰੀ ਸਰਵਿਸ ਪੋਰਟਲ ਦੀਆਂ ਆਈਡੀਜ਼ ਚਲਾਈਆਂ ਜਾ ਰਹੀਆਂ ਹਨ, ਜੋ ਨਿਯਮਾਂ ਦੀ ਉਲੰਘਣਾ ਹੈ |