ਮਲੋਟ, 22 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਸੈਕਟਰ ਲਈ ਸਿਚਾਈ ਅਤੇ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਅੱਜ ਪਿੰਡ ਬਲੋਚਕੇਰਾ ਵਿਖੇ ਮਲੋਟ ਰੋਡ 'ਤੇ ਬਣਨ ਵਾਲੇ ਪੱਕੇ ਖ਼ਾਲਿਆਂ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਾਲਿਆਂ ਦੇ ਨਵ ਨਿਰਮਾਣ 'ਤੇ ਸਰਕਾਰ ਵਲੋਂ 3 ਕਰੋੜ 19 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਮੋਘਾ ਬੁਰਜੀ ਨੰਬਰ 36305 / ਐੱਲ ਸੁਖਚੈਨ ਡਿਸਟਰੀਬਿਊਟਰੀ 46 ਲੱਖ, ਮੋਘਾ ਬੁਰਜੀ ਨੰਬਰ 52535 / ਐੱਲ ਸੁਖਚੈਨ ਡਿਸਟਰੀਬਿਊਟਰੀ 120 ਲੱਖ, ਮੋਘਾ ਬੁਰਜੀ ਨੰਬਰ 9254 / ਐੱਲ ਰਸੂਲਪੁਰ ਮਾਈਨਰ 76 ਲੱਖ, ਮੋਘਾ ਬੁਰਜੀ ਨੰਬਰ 6000 / ਆਰ ਤਰਮਾਲਾ ਮਾਈਨਰ 24 ਲੱਖ, ਮੋਘਾ ਬੁਰਜੀ ਨੰਬਰ 7261 / ਆਰ ਮਹਿਰਾਜਪੁਰ ਮਾਈਨਰ 'ਤੇ 53 ਲੱਖ ਖ਼ਰਚ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਹਰ ਇਨਸਾਨ ਨੂੰ ਪਾਣੀ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ | ਸਰਕਾਰ ਵਲੋਂ 15 ਹਜ਼ਾਰ ਕਿੱਲੋਮੀਟਰ ਤੋਂ ਵੱਧ ਨਹਿਰਾਂ, ਰਜਬਾਹੇ ਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਹੈ ਤਾਂ ਜੋ ਟੇਲ 'ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਹੋ ਸਕੇ | ਉਨ੍ਹਾਂ ਦੱਸਿਆ ਕਿ ਰਾਜ ਵਿਚ ਹੁਣ 75 ਪ੍ਰਤੀਸ਼ਤ ਪਾਣੀ ਨਹਿਰੀ ਪਾਣੀ ਨੂੰ ਹੁਣ ਵਰਤੋਂ ਵਿਚ ਲਿਆਂਦਾ ਗਿਆ ਹੈ | ਕੈਬਨਿਟ ਮੰਤਰੀ ਨੇ ਅੱਜ ਆਪਣੇ ਦੌਰੇ ਦੌਰਾਨ ਹਲਕੇ ਦੇ ਪਿੰਡ ਭਗਵਾਨਪੁਰਾ, ਸਰਾਵਾਂ ਬੋਦਲਾ, ਆਲਮਵਾਲਾ, ਬੋਦੀਵਾਲਾ ਅਤੇ ਪੰਨੀਵਾਲਾ ਨੂੰ ਜੋੜਣ ਵਾਲੀਆਂ 33 ਕਿੱਲੋਮੀਟਰ ਲੰਮੀਆਂ ਲਿੰਕ ਸੜਕਾਂ ਨੂੰ ਨਵ ਨਿਰਮਾਣ ਅਤੇ ਰਿਪੇਅਰ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਅਤੇ ਦੱਸਿਆ ਕਿ ਇਨ੍ਹਾਂ ਸੜਕਾਂ 'ਤੇ 14 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸਬੰਧੋਨ ਕਰਦਿਆਂ ਕਿਹਾ ਕਿ ਇਹਨਾਂ ਸੜਕਾਂ ਦੇ ਬਨਣ ਨਾਲ ਲੋਕਾਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਵੇਗੀ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਾਕੀ ਰਹਿ ਗਈਆਂ ਰਿਪੇਅਰਯੋਗ ਸੜਕਾਂ ਦੀ ਵੀ ਜਲਦੀ ਮੁਰੰਮਤ ਕਰਵਾਈ ਜਾਵੇਗੀ | ਇਸ ਮੌਕੇ ਗੁਰਬਾਜ ਸਿੰਘ ਵਣਵਾਲਾ, ਐਕਸੀਅਨ ਅਰਸ਼ਦੀਪ ਸਿੰਘ ਜਲ ਸਰੋਤ, ਰਕੇਸ਼ ਬਿਸ਼ਨੋਈ ਬੀ.ਡੀ.ਪੀ.ਓ. ਲੰਬੀ, ਗੁਲਾਬ ਸਿੰਘ, ਸੁਖਬੀਰ ਸਿੰਘ, ਮਨਦੀਪ ਸਿੰਘ, ਜਗਸੀਰ ਸਿੰਘ, ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਗੁਰਸੰਗਤ ਸਿੰਘ, ਗੁਰਬਾਜ ਸਿੰਘ ਨਿੱਜੀ ਸਹਾਇਕ, ਮੋਹਿਤ ਸੋਨੀ ਮੀਡੀਆ ਸਲਾਹਕਾਰ ਵੀ ਮੌਜੂਦ ਸਨ |